ਨੇਪਾਲ, 08 ਸਤੰਬਰ 2025: Nepal news: ਨੇਪਾਲ ‘ਚ ਨੌਜਵਾਨਾਂ ਨੇ ਭ੍ਰਿਸ਼ਟਾਚਾਰ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪਾਬੰਦੀ ਲਗਾਉਣ ਦੇ ਸਰਕਾਰ ਦੇ ਫੈਸਲੇ ਵਿਰੁੱਧ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ। ਜਨਰੇਸ਼ਨ ਜੈੱਡ ਦੇ ਲੋਕਾਂ ਨੇ ਸੜਕਾਂ ‘ਤੇ ਸਰਕਾਰ ਦੇ ਫੈਸਲੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ।
ਸਥਿਤੀ ਇੰਨੀ ਵਿਗੜ ਗਈ ਕਿ ਪੁਲਿਸ ਨੂੰ ਹਲਕਾ ਲਾਠੀਚਾਰਜ ਕਰਨਾ ਪਿਆ। ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਵੀ ਛੱਡੇ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜਧਾਨੀ ਕਾਠਮੰਡੂ ‘ਚ ਪ੍ਰਦਰਸ਼ਨਕਾਰੀ ਪੁਲਿਸ ਬੈਰੀਕੇਡ ਤੋੜ ਕੇ ਸੰਸਦ ਭਵਨ ਦੇ ਕੰਪਲੈਕਸ ‘ਚ ਦਾਖਲ ਹੋ ਗਏ। ਪੁਲਿਸ ਨੇ ਕਾਠਮੰਡੂ ‘ਚ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਸਥਿਤੀ ਨੂੰ ਕਾਬੂ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦਰਅਸਲ, ਨੇਪਾਲ ‘ਚ ਭ੍ਰਿਸ਼ਟਾਚਾਰ ਅਤੇ ਸੋਸ਼ਲ ਮੀਡੀਆ ‘ਤੇ ਪਾਬੰਦੀ (18 ਤੋਂ 30 ਸਾਲ ਦੀ ਉਮਰ ਦੇ ਨੌਜਵਾਨ) ਦਾ ਅੰਦੋਲਨ ਸੋਮਵਾਰ ਨੂੰ ਹਿੰਸਕ ਹੋ ਗਿਆ। ਕਾਠਮੰਡੂ ਪੋਸਟ ਦੀ ਰਿਪੋਰਟ ਦੇ ਮੁਤਾਬਕ ਭੀੜ ਨੂੰ ਰੋਕਣ ਲਈ ਪੁਲਿਸ ਨੇ ਪਾਣੀ ਦੀਆਂ ਤੋਪਾਂ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਕਾਰ ਝੜੱਪ ਹੋ ਗਈ। ਪੁਲਿਸ ਨੇ ਪੂਰੇ ਖੇਤਰ ‘ਚ ਕਰਫਿਊ ਲਗਾ ਦਿੱਤਾ ਹੈ।
ਨੌਜਵਾਨਾਂ ਨੇ ਪੁਲਿਸ ‘ਤੇ ਦਰੱਖਤਾਂ ਦੀਆਂ ਟਾਹਣੀਆਂ ਅਤੇ ਪਾਣੀ ਦੀਆਂ ਬੋਤਲਾਂ ਸੁੱਟੀਆਂ। ਇਸ ਦੌਰਾਨ, ਉਹ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਰਹੇ। ਨੌਜਵਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਇਹ ਕਦਮ ਚੁੱਕਿਆ ਹੈ। ਸਰਕਾਰ ਨੇ 3 ਸਤੰਬਰ ਨੂੰ ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ ਸਮੇਤ 26 ਸੋਸ਼ਲ ਮੀਡੀਆ ਸਾਈਟਾਂ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਸੀ।
ਇਹ ਪਲੇਟਫਾਰਮ ਨੇਪਾਲ ਦੇ ਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨਾਲ ਰਜਿਸਟਰਡ ਨਹੀਂ ਸਨ। ਮੰਤਰਾਲੇ ਨੇ 28 ਅਗਸਤ ਤੋਂ ਸੱਤ ਦਿਨਾਂ ਦੀ ਸਮਾਂ ਸੀਮਾ ਦਿੱਤੀ ਸੀ, ਜੋ ਕਿ 2 ਸਤੰਬਰ ਨੂੰ ਖਤਮ ਹੋ ਗਈ ਸੀ।
ਇਸ ਸਮੇਂ ਦੌਰਾਨ ਫੇਸਬੁੱਕ, ਇੰਸਟਾਗ੍ਰਾਮ, ਵਟਸਐਪ, ਯੂਟਿਊਬ, ਐਕਸ (ਟਵਿੱਟਰ), ਰੈੱਡਿਟ ਅਤੇ ਲਿੰਕਡਇਨ ਵਰਗੇ ਪਲੇਟਫਾਰਮਾਂ ਨੇ ਰਜਿਸਟ੍ਰੇਸ਼ਨ ਲਈ ਅਰਜ਼ੀ ਨਹੀਂ ਦਿੱਤੀ। ਟਿੱਕਟੋਕ, ਵਾਈਬਰ, ਵਿਟਕ, ਨਿੰਬਜ਼ ਅਤੇ ਪੋਪੋ ਲਾਈਵ ਨੇ ਰਜਿਸਟਰ ਕੀਤਾ ਹੈ, ਜਦੋਂ ਕਿ ਟੈਲੀਗ੍ਰਾਮ ਅਤੇ ਗਲੋਬਲ ਡਾਇਰੀ ਦੀ ਪ੍ਰਵਾਨਗੀ ਪ੍ਰਕਿਰਿਆ ਚੱਲ ਰਹੀ ਹੈ।
ਮੰਤਰਾਲੇ ਦੇ ਬੁਲਾਰੇ ਗਜੇਂਦਰ ਕੁਮਾਰ ਠਾਕੁਰ ਨੇ ਕਿਹਾ ਕਿ ਜੇਕਰ ਕੋਈ ਪਲੇਟਫਾਰਮ ਰਜਿਸਟ੍ਰੇਸ਼ਨ ਪੂਰੀ ਕਰਦਾ ਹੈ, ਤਾਂ ਉਸਨੂੰ ਉਸੇ ਦਿਨ ਬਹਾਲ ਕਰ ਦਿੱਤਾ ਜਾਵੇਗਾ। ਇਹ ਪਾਬੰਦੀ ਵਿਦੇਸ਼ਾਂ ‘ਚ ਰਹਿਣ ਵਾਲੇ ਲੱਖਾਂ ਨੇਪਾਲੀਆਂ ਨੂੰ ਪ੍ਰਭਾਵਿਤ ਕਰੇਗੀ।
Read More: ਨੇਪਾਲ ਨੇ ਲਿਪੁਲੇਖ ਦੱਰੇ ਰਾਹੀਂ ਭਾਰਤ-ਚੀਨ ਵਪਾਰ ਸਮਝੌਤੇ ‘ਤੇ ਜਤਾਇਆ ਇਤਰਾਜ਼




