Amritsar airport

ਅੰਮ੍ਰਿਤਸਰ ਹਵਾਈ ਅੱਡੇ ‘ਤੇ ਜ਼ਬਰਦਸਤ ਹੰਗਾਮਾ, ਅਮਰੀਕਾ ਜਾਣ ਵਾਲੇ 150 ਯਾਤਰੀ ਹੋਏ ਖੱਜਲ-ਖੁਆਰ

ਚੰਡੀਗ੍ਹੜ 06 ਜਨਵਰੀ 2023: ਪੰਜਾਬ ਦੇ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ (Amritsar airport) ‘ਤੇ ਵੀਰਵਾਰ ਦੇਰ ਰਾਤ ਨੂੰ ਹੰਗਾਮਾ ਹੋ ਗਿਆ। ਅਮਰੀਕਾ ਜਾਣ ਵਾਲੇ ਯਾਤਰੀ ਪਿਛਲੇ 24 ਘੰਟਿਆਂ ਤੋਂ ਹਵਾਈ ਅੱਡੇ ‘ਤੇ ਫਸੇ ਹੋਏ ਹਨ, ਪਰ ਨਾ ਤਾਂ ਉਨ੍ਹਾਂ ਨੂੰ ਬਾਹਰ ਜਾਣ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਉਡਾਣ ਦੀ ਸਹੀ ਜਾਣਕਾਰੀ ਦਿੱਤੀ ਜਾ ਰਹੀ ਹੈ।

ਕੁਝ ਵੀਡੀਓ ਸ਼ੇਅਰ ਕਰਦੇ ਹੋਏ ਯਾਤਰੀ ਨੇ ਦੱਸਿਆ ਕਿ 150 ਤੋਂ ਵੱਧ ਯਾਤਰੀਆਂ ਨੇ ਅਮਰੀਕਾ ਦੇ ਜਾਰਜੀਆ ਜਾਣ ਲਈ ਵਿਦੇਸ਼ੀ ਕੰਪਨੀ ਨਿਓਸ ਨਾਲ ਫਲਾਈਟ ਬੁੱਕ ਕਰਵਾਈ ਹੈ। 4 ਜਨਵਰੀ ਨੂੰ ਸ਼ਾਮ 7 ਵਜੇ ਸਾਰੇ ਯਾਤਰੀਆਂ ਦਾ ਚੈੱਕ-ਇਨ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ 5 ਜਨਵਰੀ ਦੀ ਰਾਤ ਤੱਕ ਫਲਾਈਟ ਬਾਰੇ ਕੋਈ ਜਾਣਕਾਰੀ ਨਹੀਂ ਹੈ। ਗਰਾਊਂਡ ਸਟਾਫ 4 ਜਨਵਰੀ ਤੋਂ ਇਹ ਬਹਾਨਾ ਬਣਾ ਰਿਹਾ ਹੈ ਕਿ ਫਲਾਈਟ 1 ਘੰਟੇ ਵਿੱਚ ਆ ਰਹੀ ਹੈ।

ਯਾਤਰੀ ਨੇ ਦੱਸਿਆ ਕਿ ਫਲਾਈਟ ਨੇ 4-5 ਜਨਵਰੀ ਦੀ ਦਰਮਿਆਨੀ ਰਾਤ ਨੂੰ 12:50 ਵਜੇ ਉਡਾਣ ਭਰਨੀ ਸੀ। ਇਸ ਮੁਤਾਬਕ ਉਨ੍ਹਾਂ ਦਾ ਚੈਕ-ਇਨ ਵੀ ਹੋਇਆ ਪਰ ਹੁਣ ਨਾ ਤਾਂ ਫਲਾਈਟ ਦਾ ਪਤਾ ਲੱਗਾ ਹੈ ਅਤੇ ਨਾ ਹੀ ਉਨ੍ਹਾਂ ਦੇ ਖਾਣ-ਪੀਣ ਅਤੇ ਸੌਣ ਦਾ ਪ੍ਰਬੰਧ ਕੀਤਾ ਗਿਆ ਹੈ।

ਸਟਾਫ ਨੇ ਦੱਸਿਆ ਕਿ ਯਾਤਰੀਆਂ ਨੂੰ ਰਾਤ ਸਮੇਂ ਹੋਟਲ ਬੁੱਕ ਕਰਵਾਉਣ ਬਾਰੇ ਪੁੱਛਿਆ ਗਿਆ ਸੀ ਪਰ ਯਾਤਰੀ ਨੇ ਇਹ ਸਹੂਲਤ ਲੈਣ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਯਾਤਰੀਆਂ ਨੇ ਸਟਾਫ ਦੇ ਇਸ ਬਿਆਨ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਦੇ ਜਾਰਜੀਆ ਤੋਂ ਅੰਮ੍ਰਿਤਸਰ ਏਅਰਪੋਰਟ ਆਉਣ ਵਾਲੀ ਨਿਓਸ ਦੀ ਫਲਾਈਟ ਧੁੰਦ ਕਾਰਨ ਰਾਤ 11.30 ਵਜੇ ਲੈਂਡ ਨਹੀਂ ਕਰ ਸਕੀ। ਫਲਾਈਟ ਨੇ ਕਾਫੀ ਰਾਤ ਤੱਕ ਲੈਂਡ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਸ਼ਿਸ਼ ਅਸਫਲ ਰਹੀ। ਜਿਸ ਤੋਂ ਬਾਅਦ ਇਸ ਫਲਾਈਟ ਨੂੰ ਲੈਂਡਿੰਗ ਲਈ ਜੈਪੁਰ ਭੇਜਿਆ ਗਿਆ।

ਵਿਦੇਸ਼

Scroll to Top