ਚੰਡੀਗੜ੍ਹ, 20 ਅਪ੍ਰੈਲ 2024: ਸੰਗਰੂਰ ਜੇਲ੍ਹ (Sangrur Jail) ‘ਚ ਕੈਦੀਆਂ ਵਿਚਾਲੇ ਖੂਨੀ ਝੜੱਪ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਕਈ ਕੈਦੀ ਆਪਸ ‘ਚ ਭਿੜ ਗਏ ਅਤੇ ਗੰਭੀਰ ਜ਼ਖਮੀ ਹੋ ਗਏ। ਇਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸੰਗਰੂਰ ਲਿਆਂਦਾ ਗਿਆ, ਜਿੱਥੇ 2 ਕੈਦੀਆਂ ਦੀ ਮੌਤ ਹੋ ਗਈ। ਇਸ ਦੌਰਾਨ ਦੋ ਕੈਦੀਆਂ ਨੂੰ ਗੰਭੀਰ ਹਾਲਤ ਵਿੱਚ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਮ੍ਰਿਤਕਾਂ ਦੀ ਪਛਾਣ ਧਰਮਿੰਦਰ ਸਿੰਘ ਅਤੇ ਹਰਸ਼ ਵਜੋਂ ਹੋਈ ਹੈ। ਜਦਕਿ ਗਗਨਦੀਪ ਸਿੰਘ ਅਤੇ ਮੁਹੰਮਦ ਸ਼ਾਹਬਾਜ਼ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸ਼ੁਰੂਆਤੀ ਜਾਂਚ ਵਿੱਚ ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਚਾਰਾਂ ਕੈਦੀਆਂ ਦੇ ਬਦਮਾਸ਼ਾਂ ਨਾਲ ਸਬੰਧ ਹਨ। ਫਿਲਹਾਲ ਪੁਲਿਸ ਉਨ੍ਹਾਂ ਦੇ ਅਪਰਾਧਿਕ ਰਿਕਾਰਡਾਂ ਨੂੰ ਖੰਗਾਲ ਰਹੀ ਹੈ। ਇਸ ਦੇ ਨਾਲ ਹੀ ਝੜੱਪ ਵਿੱਚ ਜ਼ਖਮੀ ਹੋਏ ਦੋ ਕੈਦੀਆਂ ਦੇ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਝੜੱਪ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।
ਇਸ ਦੇ ਨਾਲ ਹੀ ਕੈਦੀਆਂ ਵਿਚਕਾਰ ਹੋਈ ਹਿੰਸਕ ਝੜੱਪ ਅਤੇ ਦੋ ਕੈਦੀਆਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ (Sangrur Jail) ਨੇ ਅੰਦਰ ਅਤੇ ਬਾਹਰ ਸੁਰੱਖਿਆ ਵਧਾ ਦਿੱਤੀ ਹੈ। ਜ਼ਖ਼ਮੀ ਕੈਦੀਆਂ ਦੀ ਸੁਰੱਖਿਆ ਲਈ ਪੁਲਿਸ ਵੀ ਤਾਇਨਾਤ ਕੀਤੀ ਗਈ ਹੈ। ਇਸ ਦੇ ਨਾਲ ਹੀ ਸਿਵਲ ਹਸਪਤਾਲ ‘ਚ ਮੌਕੇ ‘ਤੇ ਤਾਇਨਾਤ ਡਾਕਟਰ ਕੇ.ਡੀ.ਕਾਹਲ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਸ਼ਾਮ ਉਨ੍ਹਾਂ ਨੂੰ ਜ਼ਿਲ੍ਹਾ ਜੇਲ੍ਹ ਦੇ 4 ਕੈਦੀਆਂ ਨੂੰ ਜ਼ਖਮੀ ਹਾਲਤ ‘ਚ ਲਿਆਂਦਾ ਗਿਆ ਸੀ, ਜਿਨ੍ਹਾਂ ‘ਚੋਂ 2 ਦੀ ਮੌਤ ਹੋ ਗਈ ਸੀ।
ਡੀਆਈਜੀ ਜੇਲ੍ਹ ਸੁਰਿੰਦਰ ਸਿੰਘ ਨੇ ਦੱਸਿਆ ਕਿ ਸ਼ਾਮ 7 ਵਜੇ ਦੇ ਕਰੀਬ ਕੈਦੀਆਂ ਨੂੰ ਬੈਰਕ ਵਿੱਚ ਭੇਜਿਆ ਜਾ ਰਿਹਾ ਸੀ ਜਦੋਂ 10 ਕੈਦੀਆਂ ਨੇ ਬੈਰਕ ਨੰਬਰ 7 ਵਿੱਚ ਜਾ ਕੇ 4 ਕੈਦੀਆਂ ’ਤੇ ਹਮਲਾ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਇਹ ਹਮਲਾ ਪੁਰਾਣੀ ਰੰਜਿਸ਼ ਕਾਰਨ ਹੋਇਆ ਹੈ ਅਤੇ ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਕੈਦੀਆਂ ਨੇ ਹਮਲੇ ਲਈ ਕਿਹੜੇ ਹਥਿਆਰਾਂ ਦੀ ਵਰਤੋਂ ਕੀਤੀ।