July 2, 2024 9:29 pm
France

ਫਰਾਂਸ ‘ਚ ਹਿੰਸਾ ‘ਚ ਕਮੀ ਆਉਣੀ ਸ਼ੁਰੂ, ਪੁਲਿਸ ਨੇ ਘਰ-ਘਰ ਜਾ ਕੇ ਚਲਾਇਆ ਤਲਾਸ਼ੀ ਅਭਿਆਨ

ਚੰਡੀਗੜ੍ਹ 04 ਜੁਲਾਈ 2023: ਫਰਾਂਸ (France) ਵਿਚ ਰਾਜਧਾਨੀ ਪੈਰਿਸ ਦੇ ਨੇੜੇ ਨਾਨਤੇਰੇ ਸ਼ਹਿਰ ਵਿਚ ਇਕ ਹਫ਼ਤੇ ਤੋਂ ਜਾਰੀ ਹਿੰਸਾ ਵਿਚ ਕਮੀ ਆਉਣੀ ਸ਼ੁਰੂ ਹੋ ਗਈ ਹੈ। ਗ੍ਰਹਿ ਮੰਤਰਾਲੇ ਦੇ ਅਨੁਸਾਰ, ਪੁਲਿਸ ਨੇ ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਡੋਰ-ਟੂ-ਡੋਰ ਸਰਚ ਅਭਿਆਨ ਚਲਾਇਆ ਗਿਆ ਹੈ । ਇਸ ਦੌਰਾਨ 157 ਹੋਰ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ।

ਨਾਨਤੇਰੇ ਸ਼ਹਿਰ ਵਿੱਚ ਪੰਜ ਹਜ਼ਾਰ ਹੋਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਹੁਣ ਇੱਥੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੀ ਗਿਣਤੀ 45 ਹਜ਼ਾਰ ਹੋ ਗਈ ਹੈ। ਪੁਲਿਸ ਮੁਤਾਬਕ ਹਿੰਸਾ ਵਿੱਚ ਕੁੱਲ 159 ਵਾਹਨਾਂ ਨੂੰ ਅੱਗ ਲਾ ਦਿੱਤੀ ਗਈ। ਇਸ ਤੋਂ ਇਲਾਵਾ 202 ਥਾਵਾਂ ‘ਤੇ ਅੱਗਜ਼ਨੀ ਕੀਤੀ ਗਈ। ਇਸ ਕਾਰਵਾਈ ਦੌਰਾਨ 4 ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ।

ਫਰਾਂਸ (France) ਵਿੱਚ 17 ਸਾਲਾ ਲੜਕੇ ਦੀ ਮੌਤ ਨੂੰ ਲੈ ਕੇ ਸੈਂਕੜੇ ਲੋਕ ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨਕਾਰੀ ਨੇ ਵਾਹਨਾਂ, ਦੁਕਾਨਾਂ, ਸਕੂਲਾਂ ਅਤੇ ਪਬਲਿਕ ਲਾਇਬ੍ਰੇਰੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਹੈ | ਹਾਲਾਤਾਂ ਨੂੰ ਦੇਖਦੇ ਹੋਏ ਫਰਾਂਸ ਦੇ ਗ੍ਰਹਿ ਮੰਤਰਾਲੇ ਨੇ ਸੜਕਾਂ ‘ਤੇ 40,000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਸਨ, ਜਿਨ੍ਹਾਂ ਦੀ ਗਿਣਤੀ ਹੁਣ ਵਧਾ ਦਿੱਤੀ ਹੈ ।

ਦਰਅਸਲ, 27 ਜੂਨ ਨੂੰ ਫਰਾਂਸ (France) ਦੀ ਰਾਜਧਾਨੀ ਪੈਰਿਸ ਦੇ ਉਪਨਗਰੀ ਇਲਾਕੇ ਨਾਨਤੇਰੇ ਵਿੱਚ ਇੱਕ ਟ੍ਰੈਫਿਕ ਸਿਗਨਲ ‘ਤੇ ਨਾ ਰੁਕਣ ‘ਤੇ 17 ਸਾਲਾ ਲੜਕੇ ਨਾਹੇਲ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ ਸੀ। ਉਦੋਂ ਤੋਂ ਫਰਾਂਸ ਵਿਚ ਹਿੰਸਾ ਜਾਰੀ ਹੈ।