ਚੰਡੀਗੜ੍ਹ, 03 ਅਗਸਤ 2023: ਮਣੀਪੁਰ (Manipur) ਵਿੱਚ ਮੈਤੇਈ ਅਤੇ ਕੁਕੀ ਭਾਈਚਾਰੇ ਦਰਮਿਆਨ ਚੱਲ ਰਹੀ ਹਿੰਸਾ ਨੂੰ ਅੱਜ (3 ਅਗਸਤ) ਤਿੰਨ ਮਹੀਨੇ ਪੂਰੇ ਹੋ ਗਏ। ਪਰ ਵੀਰਵਾਰ ਨੂੰ ਬਿਸ਼ਨੂਪੁਰ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਅਤੇ ਮੈਤੇਈ ਭਾਈਚਾਰੇ ਵਿਚਾਲੇ ਹਿੰਸਕ ਝੜੱਪ ਦੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਵਿਚ 17 ਜਣੇ ਜ਼ਖਮੀ ਹੋ ਗਏ।
ਇੰਡੀਆ ਟੂਡੇ ਦੀ ਇੱਕ ਰਿਪੋਰਟ ਦੇ ਅਨੁਸਾਰ, ਬਿਸ਼ਨੂਪੁਰ ਵਿੱਚ ਮੈਤੇਈ ਭਾਈਚਾਰੇ ਦੀਆਂ ਔਰਤਾਂ ਨੇ ਆਰਮੀ ਅਤੇ ਆਰਏਐਫ ਦੇ ਜਵਾਨਾਂ ਦੁਆਰਾ ਲਗਾਏ ਗਏ ਬੈਰੀਕੇਡ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ। ਅਸਾਮ ਰਾਈਫਲਜ਼ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ‘ਤੇ ਕਥਿਤ ਤੌਰ ‘ਤੇ ਔਰਤਾਂ ਨੇ ਸੁਰੱਖਿਆ ਬਲਾਂ ‘ਤੇ ਪਥਰਾਅ ਸ਼ੁਰੂ ਕਰ ਦਿੱਤਾ। ਸੁਰੱਖਿਆ ਬਲਾਂ ਨੇ ਭੀੜ ਨੂੰ ਖਿੰਡਾਉਣ ਲਈ ਹਵਾਈ ਫਾਇਰ ਕੀਤੇ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਝੜੱਪ ਤੋਂ ਬਾਅਦ ਇੰਫਾਲ ਅਤੇ ਇੰਫਾਲ ਪੱਛਮੀ ਵਿੱਚ ਕਰਫਿਊ ਵਿੱਚ ਦਿੱਤੀ ਗਈ ਢਿੱਲ ਵਾਪਸ ਲੈ ਲਈ ਗਈ ਹੈ।