ਚੰਡੀਗੜ੍ਹ, 04 ਮਈ 2023: ਮਣੀਪੁਰ (Manipur) ਵਿੱਚ, ਬਹੁਗਿਣਤੀ ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ ਸ਼੍ਰੇਣੀ ਵਿੱਚ ਸ਼ਾਮਲ ਕੀਤੇ ਜਾਣ ਦੇ ਵਿਰੋਧ ਵਿੱਚ ਪ੍ਰਦਰਸ਼ਨ ਹਿੰਸਕ ਹੋ ਗਏ ਹਨ। ਕਈ ਸੰਗਠਨਾਂ ਨੇ ਬੁੱਧਵਾਰ ਨੂੰ ‘ਆਦੀਵਾਸੀ ਏਕਤਾ ਮਾਰਚ’ ਦਾ ਸੱਦਾ ਦਿੱਤਾ, ਜਿਸ ‘ਚ ਹਿੰਸਾ ਭੜਕ ਗਈ। ਸਥਿਤੀ ਨੂੰ ਦੇਖਦੇ ਹੋਏ ਸੂਬੇ ਦੇ 8 ਜ਼ਿਲ੍ਹਿਆਂ ‘ਚ ਇਲਾਕਿਆਂ ‘ਚ ਫੌਜ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਵੀਰਵਾਰ ਨੂੰ ਹਿੰਸਾ ਪ੍ਰਭਾਵਿਤ ਇਲਾਕਿਆਂ ‘ਚ ਨਜ਼ਰ ‘ਤੇ ਗੋਲੀ ਚਲਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ।
ਇਹ ਮਾਰਚ ਵਿਦਿਆਰਥੀਆਂ ਦੇ ਸੰਗਠਨ ਆਲ ਟ੍ਰਾਈਬਲ ਸਟੂਡੈਂਟਸ ਯੂਨੀਅਨ ਆਫ ਮਨੀਪੁਰ (ਏ.ਟੀ.ਐੱਸ.ਯੂ.ਐੱਮ.) ਵੱਲੋਂ ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ (ਐੱਸਟੀ) ਸ਼੍ਰੇਣੀ ਵਿੱਚ ਸ਼ਾਮਲ ਕਰਨ ਦੀ ਮੰਗ ਦੇ ਵਿਰੋਧ ਵਿੱਚ ਬੁਲਾਇਆ ਗਿਆ ਸੀ। ‘ਆਦਿਵਾਸੀ ਏਕਤਾ ਮਾਰਚ’ ਨਾਂ ਦੇ ਰੋਸ ਪ੍ਰਦਰਸ਼ਨ ਦੌਰਾਨ ਹਿੰਸਾ ਭੜਕ ਗਈ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਜ਼ਾਰਾਂ ਅੰਦੋਲਨਕਾਰੀਆਂ ਨੇ ਰੈਲੀ ਵਿੱਚ ਹਿੱਸਾ ਲਿਆ ਜਿਸ ਦੌਰਾਨ ਤੋਰਬੰਗ ਖੇਤਰ ਵਿੱਚ ਆਦਿਵਾਸੀਆਂ ਅਤੇ ਗੈਰ-ਕਬਾਇਲੀਆਂ ਦਰਮਿਆਨ ਝੜੱਪਾਂ ਹੋਈਆਂ। ਅਧਿਕਾਰੀ ਨੇ ਦੱਸਿਆ ਕਿ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਥਿਤੀ ਦੇ ਮੱਦੇਨਜ਼ਰ ਗੈਰ-ਆਦੀਵਾਸੀ ਪ੍ਰਭਾਵ ਵਾਲੇ ਇੰਫਾਲ ਪੱਛਮੀ, ਕਾਕਚਿੰਗ, ਥੌਬਾਲ, ਜਿਰੀਬਾਮ ਅਤੇ ਬਿਸ਼ਨੂਪੁਰ ਜ਼ਿਲ੍ਹਿਆਂ ਅਤੇ ਕਬਾਇਲੀ ਪ੍ਰਭਾਵ ਵਾਲੇ ਚੂਰਾਚਾਂਦਪੁਰ ਆਦਿ ਜ਼ਿਲ੍ਹਿਆਂ ਵਿੱਚ ਕਰਫਿਊ ਲਗਾਇਆ ਗਿਆ ਹੈ।
ਸੂਬੇ ਭਰ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ ਤੁਰੰਤ ਪ੍ਰਭਾਵ ਨਾਲ ਪੰਜ ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ, ਪਰ ਬਰਾਡਬੈਂਡ ਸੇਵਾਵਾਂ ਚਾਲੂ ਹਨ। ਅੱਠ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਵੱਲੋਂ ਕਰਫਿਊ ਲਾਉਣ ਸਬੰਧੀ ਵੱਖਰੇ ਹੁਕਮ ਜਾਰੀ ਕੀਤੇ ਗਏ ਹਨ।
ਇਸ ਦੌਰਾਨ ਫੌਜ ਨੇ ਜਾਣਕਾਰੀ ਦਿੱਤੀ ਹੈ ਕਿ ਮਣੀਪੁਰ ਸਿਵਲ ਪ੍ਰਸ਼ਾਸਨ ਦੀ ਅਪੀਲ ‘ਤੇ ਵੱਖ-ਵੱਖ ਇਲਾਕਿਆਂ ‘ਚ ਫੌਜ ਨੂੰ ਤਾਇਨਾਤ ਕੀਤਾ ਗਿਆ ਹੈ। ਇਹ ਤੈਨਾਤੀ 3 ਮਈ ਸ਼ਾਮ ਤੋਂ ਕੀਤੀ ਗਈ ਹੈ। ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਜਾ ਰਿਹਾ ਹੈ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਯਤਨ ਕੀਤੇ ਜਾ ਰਹੇ ਹਨ।
ਸੂਬੇ (Manipur) ਦੇ ਕਈ ਹਿੱਸਿਆਂ ‘ਚ ਚੱਲ ਰਹੀ ਹਿੰਸਾ ਅਤੇ ਤਣਾਅ ਦਰਮਿਆਨ ਮਣੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦਾ ਬਿਆਨ ਵੀ ਆਇਆ ਹੈ। “ਪਿਛਲੇ 24 ਘੰਟਿਆਂ ਦੌਰਾਨ ਕੁਝ ਥਾਵਾਂ ‘ਤੇ ਝੜੱਪਾਂ ਅਤੇ ਭੰਨ-ਤੋੜ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਹ ਘਟਨਾਵਾਂ ਸਾਡੇ ਸਮਾਜ ਦੇ ਦੋ ਵਰਗਾਂ ਦਰਮਿਆਨ ਗਲਤਫਹਿਮੀ ਕਾਰਨ ਵਾਪਰੀਆਂ ਹਨ। ਸੂਬਾ ਸਰਕਾਰ ਸਥਿਤੀ ‘ਤੇ ਕਾਬੂ ਪਾਉਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ।