ਬੰਗਲਾਦੇਸ਼, 20 ਦਸੰਬਰ 2025: ਬੰਗਲਾਦੇਸ਼ ‘ਚ ਇਨਕਲਾਬ ਮੰਚ ਅਤੇ ਜਮਾਤ-ਉਲ-ਹੱਕ ਅਤੇ ਸ਼ੇਖ ਹਸੀਨਾ ਦੇ ਵਿਰੋਧੀ ਆਗੂ ਉਸਮਾਨ ਹਾਦੀ ਦੀ ਮੌਤ ਦੇ ਵਿਰੋਧ ‘ਚ ਬੇਨਾਪੋਲ ਤੋਂ ਭਾਰਤੀ ਸਰਹੱਦ ਤੱਕ ਮਾਰਚ ਕੀਤਾ। ਉਨ੍ਹਾਂ ਨੇ ਮੰਗ ਕੀਤੀ ਕਿ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਬੰਗਲਾਦੇਸ਼ ਹਵਾਲੇ ਕੀਤਾ ਜਾਵੇ। ਇਸ ਦੌਰਾਨ, ਚਟੋਗ੍ਰਾਮ ‘ਚ ਚੰਦਰਨਾਥ ਮੰਦਰ ਦੇ ਬਾਹਰ ਕੱਟੜਪੰਥੀਆਂ ਨੇ ਧਾਰਮਿਕ ਨਾਅਰੇਬਾਜ਼ੀ ਕੀਤੀ।
ਢਾਕਾ ‘ਚ ਪ੍ਰਤੀਕ ਢਾਕੇਸ਼ਵਰੀ ਮੰਦਰ ਦੀ ਸੁਰੱਖਿਆ ਲਈ ਵਾਧੂ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। ਕੱਟੜਪੰਥੀਆਂ ਨੇ ਢਾਕਾ ‘ਚ ਤੋਪਖਾਨਾ ਰੋਡ ‘ਤੇ ਸ਼ਿਲਪੀ ਗੋਸ਼ਠੀ ਸੱਭਿਆਚਾਰਕ ਕੇਂਦਰ ਨੂੰ ਵੀ ਘੇਰ ਲਿਆ ਅਤੇ ਨਾਅਰੇਬਾਜ਼ੀ ਕੀਤੀ।
ਇਸ ਦੌਰਾਨ ਹਾਦੀ ਦੀ ਲਾਸ਼ ਸ਼ੁੱਕਰਵਾਰ ਸ਼ਾਮ ਨੂੰ ਸਿੰਗਾਪੁਰ ਤੋਂ ਢਾਕਾ ਲਿਆਂਦੀ ਗਈ। ਯੂਨਸ ਸਰਕਾਰ ਨੇ ਸ਼ਨੀਵਾਰ ਲਈ ਰਾਸ਼ਟਰੀ ਸੋਗ ਦੀ ਮਿਆਦ ਦਾ ਐਲਾਨ ਕੀਤਾ ਹੈ। ਹਾਦੀ ਦਾ ਅੰਤਮ ਰਸ਼ਮਾਂ ਸ਼ਨੀਵਾਰ ਨੂੰ ਹੋਵੇਗਾ। ਇਸ ਦੌਰਾਨ, ਢਾਕਾ ‘ਚ ਪ੍ਰਦਰਸ਼ਨਕਾਰੀ ਫਿਰ ਹਿੰਸਕ ਹੋ ਗਏ ਅਤੇ ਉਦੀਚੀ ਸੰਗਠਨ ਦੇ ਦਫ਼ਤਰ ਨੂੰ ਸਾੜ ਦਿੱਤਾ, ਜੋ ਕਿ ਕੱਟੜਪੰਥੀਆਂ ਵਿਰੁੱਧ ਕੰਮ ਕਰਨ ਵਾਲਾ ਸੰਗਠਨ ਹੈ।
ਇਸ ਦੌਰਾਨ, ਭਾਰਤੀ ਫੌਜ ਵੀ ਸਰਗਰਮ ਹੋ ਗਈ ਹੈ ਅਤੇ ਬੰਗਲਾਦੇਸ਼ ‘ਚ ਸਥਿਤੀ ਦੀ ਨਿਗਰਾਨੀ ਕਰ ਰਹੀ ਹੈ। ਪੂਰਬੀ ਕਮਾਂਡ ਦੇ ਮੁਖੀ ਲੈਫਟੀਨੈਂਟ ਜਨਰਲ ਆਰ.ਸੀ. ਤਿਵਾੜੀ ਨੇ ਵੀਰਵਾਰ ਸ਼ਾਮ ਨੂੰ ਭਾਰਤ-ਬੰਗਲਾਦੇਸ਼ ਸਰਹੱਦ ਦਾ ਦੌਰਾ ਕੀਤਾ।
ਮੀਡੀਆ ਰਿਪੋਰਟਾਂ ਮੁਤਾਬਕ ਉਸਮਾਨ ਹਾਦੀ ਦੀ ਲਾਸ਼ ਨੂੰ ਢਾਕਾ ਯੂਨੀਵਰਸਿਟੀ ਦੀ ਕੇਂਦਰੀ ਮਸਜਿਦ ਦੇ ਨੇੜੇ ਬੰਗਲਾਦੇਸ਼ ਦੇ ਰਾਸ਼ਟਰੀ ਕਵੀ ਕਾਜ਼ੀ ਨਜ਼ਰੁਲ ਇਸਲਾਮ ਦੀ ਕਬਰ ਦੇ ਕੋਲ ਦਫ਼ਨਾਇਆ ਜਾ ਸਕਦਾ ਹੈ। ਹਾਦੀ ਨੂੰ ਪਿਛਲੇ ਹਫ਼ਤੇ ਨਕਾਬਪੋਸ਼ ਬਾਈਕਰਾਂ ਨੇ ਗੋਲੀ ਮਾਰ ਦਿੱਤੀ ਸੀ। ਉਹ ਸਿਰ ‘ਚ ਗੋਲੀ ਲੱਗਣ ਤੋਂ ਬਾਅਦ ਜ਼ਿੰਦਗੀ ਲਈ ਜੂਝ ਰਿਹਾ ਸੀ। ਵੀਰਵਾਰ ਨੂੰ ਸਿੰਗਾਪੁਰ ‘ਚ ਇਲਾਜ ਦੌਰਾਨ ਹਾਦੀ ਦੀ ਮੌਤ ਹੋ ਗਈ, ਜਿਸ ਨਾਲ ਪੂਰੇ ਬੰਗਲਾਦੇਸ਼ ‘ਚ ਹਿੰਸਾ ਭੜਕ ਗਈ। ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਉਸਮਾਨ ਹਾਦੀ ਦੀ ਮੌਤ ਦੇ ਜਵਾਬ ‘ਚ ਸੋਗ ਦਾ ਦਿਨ ਐਲਾਨਿਆ।
ਢਾਕਾ ‘ਚ ਹਿੰਦੂ ਨੌਜਵਾਨ ਦਾ ਕ.ਤ.ਲ
ਦੂਜੇ ਪਾਸੇ ਧਰਮ ਦਾ ਅਪਮਾਨ ਕਰਨ ਦੇ ਦੋਸ਼ ‘ਚ ਢਾਕਾ ਦੇ ਨੇੜੇ ਭਾਲੂਕਾ ‘ਚ ਇੱਕ ਹਿੰਦੂ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਬੀਬੀਸੀ ਬੰਗਲਾ ਦੀ ਇੱਕ ਰਿਪੋਰਟ ਦੇ ਮੁਤਾਬਕ ਨੌਜਵਾਨ ਦੀ ਲਾਸ਼ ਨੂੰ ਨੰਗਾ ਕਰਕੇ, ਦਰੱਖਤ ਨਾਲ ਲਟਕਾਇਆ ਗਿਆ ਅਤੇ ਅੱਗ ਲਗਾ ਦਿੱਤੀ ਗਈ।
ਮ੍ਰਿਤਕ ਦੀ ਪਛਾਣ ਦੀਪੂ ਚੰਦਰ ਦਾਸ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਵੀਰਵਾਰ ਰਾਤ ਭਾਲੂਕਾ ‘ਚ ਵਾਪਰੀ। ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ‘ਚ ਲੋਕ “ਅੱਲ੍ਹਾ-ਹੂ-ਅਕਬਰ” ਦੇ ਨਾਅਰੇ ਲਗਾ ਰਹੇ ਹਨ।
Read More: ਭਾਰਤੀ ਵਿਦੇਸ਼ ਮੰਤਰਾਲੇ ਨੇ ਬੰਗਲਾਦੇਸ਼ ਦੇ ਹਾਈ ਕਮਿਸ਼ਨਰ ਨੂੰ ਕੀਤਾ ਤਲਬ




