ਚੰਡੀਗੜ੍ਹ, 17 ਅਗਸਤ 2024: ਪੈਰਿਸ ਓਲੰਪਿਕ 2024 ‘ਚੋਂ ਵਾਪਸ ਪਰਤਣ ‘ਤੇ ਭਾਰਤੀ ਸਟਾਰ ਭਲਵਾਨ ਵਿਨੇਸ਼ ਫੋਗਾਟ (Vinesh Phogat) ਦਾ ਦਿੱਲੀ ਦੇ ਅੰਤਰਰਾਸ਼ਟਰੀ ਏਅਰਪੋਰਟ ‘ਤੇ ਜ਼ੋਰਦਾਰ ਸਵਾਗਤ ਕੀਤਾ ਗਿਆ | ਇਸ ਦੌਰਾਨ ਵਿਨੇਸ਼ ਆਪਣੀ ਸਾਥੀ ਭਲਵਾਨ ਸਾਕਸ਼ੀ ਮਲਿਕ ਨੂੰ ਗਲੇ ਲਗਾ ਕੇ ਰੋਣ ਲੱਗੀ। ਇਸ ਤੋਂ ਬਾਅਦ ਵਿਨੇਸ਼ ਖੁੱਲ੍ਹੀ ਜੀਪ ‘ਚ ਬੈਠ ਕੇ ਰਵਾਨਾ ਹੋ ਗਈ। ਜਿਕਰਯੋਗ ਹੈ ਕਿ ਵਿਨੇਸ਼ ਨੂੰ ਫਾਈਨਲ ਕੁਸ਼ਤੀ ਮੈਚ ਤੋਂ ਪਹਿਲਾਂ ਅਯੋਗ ਕਰਾਰ ਦਿੱਤਾ ਗਿਆ ਸੀ |
ਦਿੱਲੀ ਏਅਰਪੋਰਟ ‘ਤੇ ਸਵਾਗਤ ਕਰਦੇ ਹੋਏ ਵਿਨੇਸ਼ (Vinesh Phogat) ਨੇ ਕਿਹਾ, “ਪੂਰੇ ਦੇਸ਼ ਦਾ ਬਹੁਤ ਬਹੁਤ ਧੰਨਵਾਦ, ਮੈਂ ਬਹੁਤ ਭਾਗਸ਼ਾਲੀ ਹਾਂ।”
ਦਿੱਲੀ ਹਵਾਈ ਅੱਡੇ ਤੋਂ ਵਿਨੇਸ਼ ਦੇ ਜੱਦੀ ਪਿੰਡ ਬਲਾਲੀ (ਚਰਖੀ ਦਾਦਰੀ ਜ਼ਿਲ੍ਹਾ) ਤੱਕ ਕਰੀਬ 125 ਕਿਲੋਮੀਟਰ ਦੇ ਰਸਤੇ ‘ਤੇ ਹਰ ਥਾਂ ‘ਤੇ ਉਸ ਦਾ ਸਵਾਗਤ ਕੀਤਾ ਜਾਵੇਗਾ। ਪਿੰਡ ਦੇ ਖੇਡ ਸਟੇਡੀਅਮ ‘ਚ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਹਰਿਆਣਾ ਦੇ ਸੀਐਮ ਨਾਇਬ ਸੈਣੀ ਨੇ ਵਿਨੇਸ਼ ਨੂੰ 4 ਕਰੋੜ ਰੁਪਏ ਅਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਸੀ। ਬਲਾਲੀ ਪਿੰਡ ‘ਚ ਵਿਨੇਸ਼ ਨੂੰ ਸੋਨ ਤਮਗਾ ਜੇਤੂ ਵਾਂਗ ਸਨਮਾਨਿਤ ਕੀਤਾ ਜਾਵੇਗਾ।