ਲੰਗੜੋਆ

ਪਿੰਡ ਲੰਗੜੋਆ ਵਾਸੀਆਂ ਵੱਲੋਂ ਨਸ਼ਾ ਮੁਕਤੀ ਮੁਹਿੰਮ ਲਈ CM ਭਗਵੰਤ ਮਾਨ ਦੀ ਸ਼ਲਾਘਾ

ਲੰਗੜੋਆ, 17 ਮਈ 2025: ਪਿੰਡ ਲੰਗੜੋਆ (Langroya ) ਦੇ ਵਸਨੀਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸੂਬੇ ‘ਚੋਂ ਨਸ਼ੇ ਦੀ ਲਾਹਨਤ ਨੂੰ ਖਤਮ ਕਰਨ ਲਈ ‘ਯੁੱਧ ਨਸ਼ਿਆਂ ਵਿਰੁੱਧ’ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਪਿੰਡ ਦੇ ਵਸਨੀਕ ਜਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਇਸ ਮੁਹਿੰਮ ਨਾਲ ਪਿੰਡ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ, ਜਿਸ ਨੂੰ ਸ਼ਬਦਾਂ ‘ਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਦੇ ਸਖ਼ਤ ਯਤਨਾਂ ਸਦਕਾ ਪਿੰਡ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ‘ਰੰਗਲਾ ਪੰਜਾਬ’ ਵੱਲ ਇੱਕ ਵੱਡੀ ਪੁਲਾਂਘ ਹੈ ਕਿਉਂਕਿ ਉਸਦਾ ਪਿੰਡ ਨਸ਼ਾ ਮੁਕਤ ਹੋ ਗਿਆ ਹੈ |

ਪਿੰਡ (Langroya) ਨਿਵਾਸੀ ਵੰਸ਼ਿਕਾ ਸੋਨੀ ਨੇ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਸੂਬੇ ਦੀ ਪੁਰਾਣੀ ਸ਼ਾਨ ਨੂੰ ਬਹਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪਿੰਡ ਪਹਿਲਾਂ ਨਸ਼ੇ ਦਾ ਗੜ੍ਹ ਹੁੰਦਾ ਸੀ ਪਰ ਸੂਬਾ ਸਰਕਾਰ ਦੇ ਸਖ਼ਤ ਯਤਨਾਂ ਸਦਕਾ ਪਿੰਡ ਨੂੰ ਨਸ਼ਾ ਮੁਕਤ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਦੇ ਪਿੰਡ ਵਿੱਚ ਨਸ਼ਿਆਂ ਦੀ ਖੁੱਲ੍ਹੀ ਵਿਕਰੀ ਹੁੰਦੀ ਸੀ, ਹੁਣ ਇਹ ਪਿੰਡ ਖੇਡਾਂ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਨਸ਼ਾ ਤਸਕਰਾਂ ਵਿਰੁੱਧ ਬੁਲਡੋਜ਼ਰ ਮੁਹਿੰਮ ਸ਼ੁਰੂ ਕਰਨ ਲਈ ਮੁੱਖ ਮੰਤਰੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।

ਇੱਕ ਹੋਰ ਪਿੰਡ ਲੰਗੜੋਆ ਦੇ ਵਾਸੀ ਮਾਸਟਰ ਮੋਹਨ ਲਾਲ ਨੇ ਕਿਹਾ ਕਿ ਲੰਗੜੋਆ ਪਿਛਲੇ 6 ਦਹਾਕਿਆਂ ਤੋਂ ਨਸ਼ਿਆਂ ਦੀ ਲਾਹਨਤ ਲਈ ਬਦਨਾਮ ਸੀ ਪਰ ਹੁਣ ਸਥਿਤੀ ਬਦਲ ਗਈ ਹੈ |ਇਸ ਦੌਰਾਨ ਇੱਕ ਸਕੂਲੀ ਵਿਦਿਆਰਥੀ ਯੁਵਰਾਜ ਸਿੰਘ ਨੇ ਵੀ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਸੂਬੇ ਅਤੇ ਪਿੰਡਾਂ ‘ਚੋਂ ਨਸ਼ਿਆਂ ਦੇ ਖਾਤਮੇ ਲਈ ‘ਆਪ’ ਦੇ ਚੋਣ ਨਿਸ਼ਾਨ ਝਾੜੂ ਦੀ ਸਮਝਦਾਰੀ ਨਾਲ ਵਰਤੋਂ ਕੀਤੀ।

Read More: ਲੁਧਿਆਣਾ ‘ਚ ਅੱਜ CM ਭਗਵੰਤ ਮਾਨ ਤੇ ਕੇਜਰੀਵਾਲ ਨਸ਼ਿਆਂ ਵਿਰੁੱਧ ਜਨਸਭਾ ਨੂੰ ਕਰਨਗੇ ਸੰਬੋਧਨ

Scroll to Top