Site icon TheUnmute.com

ਵਿਕਰਮਜੀਤ ਸਿੰਘ ਸਾਹਨੀ ਨੇ ਰਾਜ ਸਭਾ ‘ਚ ਆਯੂਸ਼ਮਾਨ ਭਾਰਤ ਦੇ ਅਧੀਨ ਦਾਅਵਿਆਂ ‘ਚ ਵਿਸੰਗਤੀਆਂ ਦਾ ਮੁੱਦਾ ਉਠਾਇਆ

Ayushman Bharat

ਦਿੱਲੀ, 06 ਦਸੰਬਰ 2023 (ਦਵਿੰਦਰ ਸਿੰਘ) : ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਕੋਲ ਆਯੁਸ਼ਮਾਨ ਸਿਹਤ ਬੀਮਾ ਯੋਜਨਾ (Ayushman Bharat) ਦੇ ਤਹਿਤ ਭੁਗਤਾਨ ਦੇ ਦਾਅਵਿਆਂ ਦੇ ਸਬੰਧ ਵਿੱਚ ਵਿਸੰਗਤੀਆਂ ਦੇ ਸਬੰਧ ਵਿੱਚ ਸਵਾਲ ਉਠਾਏ। ਉਹਨਾ ਨੇ ਮੰਤਰਾਲੇ ਵਲੋਂ ਸੰਸਦ ਨੂੰ ਦਿੱਤੇ ਅੰਕੜਿਆਂ ਅਤੇ ਆਰ ਟੀ ਆਈ ਵਿੱਚ ਦਿੱਤੇ ਜਵਾਬ ਵਿੱਚ ਵੱਡੇ ਫਰਕ ਦਾ ਪਰਦਾ ਫਾਸ਼ ਕੀਤਾ।

ਸਾਹਨੀ ਨੇ ਕਿਹਾ ਕਿ ਜੂਨ 2023 ਵਿੱਚ ਆਰ ਟੀ ਆਈ ਦੇ ਅਧੀਨ ਇੱਕ ਜਵਾਬ ਵਿੱਚ ਸਿਹਤ ਮੰਤਰਾਲੇ ਨੇ ਸਵਿਕਾਰ ਕੀਤਾ ਹੈ ਕਿ ਆਯੂਸ਼ਮਾਨ ਭਾਰਤ ਦੇ ਅਧੀਨ ਸਾਲ 2022 ਅਤੇ 2023 ਵਿੱਚ ਕ੍ਰਮਵਾਰ 53% ਅਤੇ 74% ਕੇਸਾਂ ਦੀ ਅਦਾਇਗੀ ਬਾਕਾਇਆ ਪਈ ਹੈ, ਜਦਕਿ ਸੰਸਦ ਵਿਚ ਮੰਤਰਾਲੇ ਨੇ ਕਿਹਾ ਹੈ ਕਿ ਇਨ੍ਹਾਂ ਦੋ ਵਿੱਤੀ ਸਾਲਾਂ ਦੀ ਬਾਕਾਇਆ ਅਦਾਇਗੀ ਸਿਰਫ਼ 2.2% ਅਤੇ 5.22% ਹੈ।

ਸਾਹਨੀ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਕਿਹੜਾ ਡੇਟਾ ਸਹੀ ਹੈ ਅਤੇ ਸਿਹਤ ਮੰਤਰਾਲੇ ਨੂੰ ਡਾਟਾ ਪ੍ਰਬੰਧਨ ਨੂੰ ਠੀਕ ਕਰਨਾ ਚਾਹੀਦਾ ਹੈ। ਉਹਨਾ ਨੇ ਪੰਜਾਬ ਰਾਜ ਵਿੱਚ ਆਯੁਸ਼ਮਾਨ ਭਾਰਤ (Ayushman Bharat) ਦੇ ਦਾਅਵਿਆਂ ਦੇ ਤਹਿਤ ਦਾਇਰ ਕੀਤੇ ਗਏ ਅਤੇ ਨਿਪਟਾਏ ਗਏ ਦਾਅਵਿਆਂ ਦਾ ਸਹੀ ਡਾਟਾ ਦੇਣ ਦੀ ਮੰਗ ਕੀਤੀ।

ਸਾਹਨੀ ਨੇ ਆਸ ਪ੍ਰਗਟ ਕੀਤੀ ਕਿ ਜਿਵੇਂ ਕਿ ਜਵਾਬ ਵਿੱਚ ਦੱਸਿਆ ਗਿਆ ਹੈ, ਅਸਲੀਅਤ ਵਿਚ ਵੀ ਭਾਰਤ ਆਯੂਸ਼ੁਮਾਨ ਦੇ 50% ਦਾਅਵੇ ਪੇਸ਼ ਕਰਨ ਦੇ ਸਮੇਂ ਆਪਣੇ ਆਪ ਹੀ ਨਿਪਟਾ ਦਿੱਤੇ ਜਾਂਦੇ ਹਨ

ਸਾਹਨੀ ਨੇ ਇਹ ਵੀ ਕਿਹਾ ਕਿ ਆਯੂਸ਼ੁਮਾਨ ਭਾਰਤ ਦੇ ਦਾਅਵਿਆਂ ਦੇ ਕੁੱਲ ਲਾਭਪਾਤਰੀਆਂ ਦੇ ਅੰਕੜਿਆਂ ਵਿੱਚ ਵੀ ਗੰਭੀਰ ਵਿਸੰਗਤੀ ਹੈ। ਆਰ ਟੀ ਆਈ ਅਨੁਸਾਰ ਪਿਛਲੇ ਸਾਲ ਦੌਰਾਨ ਯੋਜਨਾ ਦੇ 14.85 ਲੱਖ ਲਾਭਾਰਥੀ ਹਨ ਅਤੇ ਸੰਸਦ ਦੇ ਜਵਾਬ ਵਿੱਚ ਇਹ ਗਿਣਤੀ 1.63 ਕਰੋੜ ਦੱਸੀ ਗਈ ਹੈ।

Exit mobile version