ANTF

Vigilance: ਬਹੁ-ਕਰੋੜੀ ਝੋਨਾ ਘਪਲੇ ਮਾਮਲੇ ‘ਚ ਵਿਜੀਲੈਂਸ ਬਿਊਰੋ ਨੇ PUNSUP ਦੇ ਜ਼ਿਲ੍ਹਾ ਮੈਨੇਜਰ ਨੂੰ ਕੀਤਾ ਗ੍ਰਿਫਤਾਰ

ਚੰਡੀਗੜ੍ਹ, 23 ਸਤੰਬਰ 2024: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਲੁਧਿਆਣਾ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ‘ਚ ਬਹੁ-ਕਰੋੜੀ ਝੋਨਾ ਘਪਲੇ ਦੇ ਮਾਮਲੇ ‘ਚ ਵਿਜੀਲੈਂਸ ਮੁਤਾਬਕ ਭਗੌੜੇ ਪਨਸਪ (ਲੁਧਿਆਣਾ) ਦੇ ਸਾਬਕਾ ਜ਼ਿਲ੍ਹਾ ਮੈਨੇਜਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ | ਦੱਸਿਆ ਜਾ ਰਿਹਾ ਹੈ ਕਿ ਸਾਬਕਾ ਜ਼ਿਲ੍ਹਾ ਮੈਨੇਜਰ (DM) ਜਗਨਦੀਪ ਸਿੰਘ ਢਿੱਲੋਂ ਨੇ ਅੱਜ ਲੁਧਿਆਣਾ ਦੀ ਅਦਾਲਤ ‘ਚ ਆਤਮ ਸਮਰਪਣ ਕੀਤਾ ਹੈ | ਇਸ ਉਪਰੰਤ ਵਿਜੀਲੈਂਸ ਬਿਊਰੋ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਵਿਜੀਲੈਂਸ ਬਿਊਰੋ (Vigilance Bureau) ਮੁਤਾਬਕ ਜਗਨਦੀਪ ਸਿੰਘ ਢਿੱਲੋਂ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵਿੱਚ ਝੋਨੇ ਦੀ ਢੋਆ-ਢੁਆਈ ਦੇ ਟੈਂਡਰਾਂ ਨਾਲ ਸੰਬੰਧਿਤ ਘਪਲੇ ਮਾਮਲੇ ‘ਚ ਪੁਲਿਸ ਨੂੰ ਲੋੜੀਂਦਾ ਸੀ। ਕਿਸ ਮਾਮਲੇ ‘ਚ ਉਕਤ ਮੁਲਜ਼ਮ ਜਗਨਦੀਪ ਸਿੰਘ ਢਿੱਲੋਂ ਸਣੇ ਪੰਜਾਬ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਹੋਰ ਮੁਲਜ਼ਮਾਂ ਖਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਆਈ.ਪੀ.ਸੀ. ਦੀਆਂ ਧਾਰਾਵਾਂ 409, 467, 420 ਅਤੇ ਹੋਰ ਸਬੰਧਤ ਧਾਰਾਵਾਂ ਤੋਂ ਇਲਾਵਾ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ 7 ਅਤੇ 8 ਤਹਿਤ ਐਫ.ਆਈ.ਆਰ. ਨੰਬਰ 11 ਮਿਤੀ 16.08.2022 ਤਹਿਤ ਮੁਕੱਦਮਾ ਦਰਜ ਕੀਤਾ ਹੋਇਆ ਹੈ।

ਵਿਜੀਲੈਂਸ ਬੁਲਾਰੇ ਨੇ ਦੱਸਿਆ ਕਿ ਜਗਨਦੀਪ ਸਿੰਘ ਢਿੱਲੋਂ ਨੇ ਪਹਿਲਾਂ 18 ਸਤੰਬਰ 2023 ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਅਗਾਊਂ ਜ਼ਮਾਨਤ ਹਾਸਲ ਕੀਤੀ ਸੀ, ਪਰੰਤੂ ਸੁਪਰੀਮ ਕੋਰਟ ਨੇ 16 ਜੁਲਾਈ 2024 ਨੂੰ ਉਨ੍ਹਾਂ ਦੀ ਜ਼ਮਾਨਤ ਦੇ ਹੁਕਮ ਰੱਦ ਕਰ ਦਿੱਤੇ ਸਨ। ਉਦੋਂ ਤੋਂ ਹੀ ਜਗਨਦੀਪ ਸਿੰਘ ਢਿੱਲੋਂ ਡਿਊਟੀ ਤੋਂ ਗੈਰ-ਹਾਜ਼ਰ ਚੱਲ ਰਿਹਾ ਸੀ, ਜਿਸ ਦੇ ਕਾਰਨ ਵਿਭਾਗ ਨੇ ਉਨ੍ਹਾਂ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਵਿਜੀਲੈਂਸ ਬਿਊਰੋ ਢਿੱਲੋਂ ਦੀ ਭਾਲ ਕਰ ਰਹੀ ਸੀ |

ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਜਗਨਦੀਪ ਸਿੰਘ ਢਿੱਲੋਂ 2020-21 ਦੀ ਮਿਆਦ ਦੌਰਾਨ ਜ਼ਿਲ੍ਹਾ ਟੈਂਡਰ ਕਮੇਟੀ ਦੇ ਮੈਂਬਰ ਵਜੋਂ ਘਪਲੇ ‘ਚ ਸ਼ਾਮਲ ਕੁਝ ਠੇਕੇਦਾਰਾਂ ਦੇ ਟੈਂਡਰਾਂ ਨੂੰ ਰੱਦ ਕਰਨ ‘ਚ ਅਸਫਲ ਰਹੇ। ਉਨ੍ਹਾਂ ਨੇ ਕਥਿਤ ਤੌਰ ’ਤੇ ਇਨ੍ਹਾਂ ਠੇਕੇਦਾਰਾਂ ਨਾਲ ਮਿਲੀਭੁਗਤ ਕਰਕੇ ਰਿਸ਼ਵਤ ਦੇ ਬਦਲੇ ਉਨ੍ਹਾਂ ਨੂੰ ਟੈਂਡਰਾਂ ਦੀ ਅਲਾਟਮੈਂਟ ਕਰਵਾਈ |

Read More: ਪੰਜਾਬ ਵਿਧਾਨ ਸਭਾ ‘ਚ ਲਾਗੂ ਹੋਵੇਗੀ ਸੰਕੇਤਿਕ ਭਾਸ਼ਾ, ਬੋਲਣ ਤੇ ਸੁਣਨ ਤੋਂ ਅਸਮਰਥ ਲੋਕਾਂ ਤੱਕ ਪਹੁੰਚੇਗੀ ਵਿਧਾਨ ਸਭਾ ਦੀ ਕਾਰਵਾਈ

ਇਸ ਤੋਂ ਇਲਾਵਾ ਉਕਤ ਮੁਲਜ਼ਮ ਨੇ ਸੰਬੰਧਿਤ ਪ੍ਰਕਿਰਿਆਵਾਂ ਦੀ ਉਲੰਘਣਾ ਕਰਦੇ ਹੋਏ ਕਮਿਸ਼ਨ ਏਜੰਟਾਂ (ਆੜ੍ਹਤੀਆਂ) ਕ੍ਰਿਸ਼ਨ ਲਾਲ ਅਤੇ ਅਨਿਲ ਜੈਨ ਦੀਆਂ ਦੁਕਾਨਾਂ ਤੋਂ ਅਨਾਜ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਸ਼ੈਲਰ ‘ਚ ਤਬਦੀਲ ਕਰਕੇ ਰਾਜ ਕਸਟਮ ਮਿਲਿੰਗ ਨੀਤੀ ਦੀ ਧਾਰਾ 12 (ਜੇ) ਦੀ ਉਲੰਘਣਾ ਕੀਤੀ।

ਵਿਜੀਲੈਂਸ ਨੇ ਦੱਸਿਆ ਕਿ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਨ੍ਹਾਂ ਮੁਲਜ਼ਮਾਂ ‘ਚੋਂ ਕ੍ਰਿਸ਼ਨ ਲਾਲ ਨੇ ਦੂਜੇ ਸੂਬਿਆਂ ਤੋਂ 2000 ਤੋਂ ਵੱਧ ਜੂਟ ਦਾ ਬਾਰਦਾਨਾ ਹਾਸਲ ਕੀਤਾ ਗਿਆ, ਜਿਸ ਦੀ ਵਰਤੋਂ ਝੋਨੇ ਦੀ ਢੋਆ-ਢੁਆਈ ਲਈ ਕੀਤੀ । ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਆਪਣੀ ਸਾਜਿਸ਼ ਨੂੰ ਅੰਜ਼ਾਮ ਦੇਣ ਲਈ ਲਈ ਮੁਲਜ਼ਮ ਢਿੱਲੋਂ ਨੇ ਪਨਗ੍ਰੇਨ ਦੇ ਤਤਕਾਲੀ ਜ਼ਿਲ੍ਹਾ ਮੈਨੇਜਰ ਸਹਿ-ਮੁਲਜ਼ਮ ਸੁਰਿੰਦਰ ਬੇਰੀ ਨਾਲ ਮਿਲ ਕੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਅਸਰ-ਰਸੂਖ਼ ਦੀ ਮੱਦਦ ਨਾਲ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਲਲਤੋਂ ਅਤੇ ਧਾਂਦਰਾ ਦੀਆਂ ਅਨਾਜ ਮੰਡੀਆਂ ‘ਚੋਂ ਸੰਬੰਧਿਤ ਝੋਨੇ ਨੂੰ ਕਿਲ੍ਹਾ ਰਾਏਪੁਰ ਸੈਂਟਰ ਦੀ ਬਜਾਏ ਲੁਧਿਆਣਾ ਸੈਂਟਰ ਦੀਆਂ ਮੰਡੀਆਂ ‘ਚ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਹੇਰਾਫੇਰੀ ਚੌਲ ਮਿੱਲਰਾਂ ਤੋਂ ਵੱਡੀ ਰਿਸ਼ਵਤ ਲੈਣ ਦੇ ਇਰਾਦੇ ਨਾਲ ਕੀਤੀ ਸੀ।

ਵਿਜੀਲੈਂਸ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਜਗਨਦੀਪ ਸਿੰਘ ਢਿੱਲੋਂ ਨੇ ਆਪਣੀ ਮਰਜ਼ੀ ਮੁਤਾਬਕ ਅਲਾਟਮੈਂਟ ਦੇ ਬਦਲੇ ਚੌਲ ਮਿੱਲਰਾਂ ਤੋਂ 3 ਰੁਪਏ ਤੋਂ 10 ਰੁਪਏ ਪ੍ਰਤੀ ਬੋਰੀ ਰਿਸ਼ਵਤ ਲਈ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਗੇਟ ਪਾਸ ਦੀਆਂ ਰਜਿਸਟ੍ਰੇਸ਼ਨਾਂ ‘ਚ ਗੜਬੜੀਆਂ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ, ਜਿਸ ‘ਚ ਟਰੱਕ ਦੇ ਨੰਬਰਾਂ ਦੀ ਬਜਾਏ ਸਕੂਟਰ ਅਤੇ ਮੋਟਰਸਾਈਕਲ ਦੇ ਨੰਬਰ ਦਰਜ ਸਨ। ਇਸ ਤਰ੍ਹਾਂ ਉਨ੍ਹਾਂ ਨੇ ਠੇਕੇਦਾਰਾਂ ਦੀ ਮਿਲੀਭੁਗਤ ਨਾਲ ਗੋਦਾਮਾਂ ‘ਚ ਸਟੋਰ ਕੀਤੇ ਝੋਨੇ ਦੇ ਸਟਾਕ ‘ਚ ਗੜਬੜੀ ਕੀਤੀ |

ਬੁਲਾਰੇ (Vigilance Bureau) ਨੇ ਦੱਸਿਆ ਕਿ ਲਗਾਤਾਰ ਛਾਪੇਮਾਰੀ ਅਤੇ ਵਿਜੀਲੈਂਸ ਬਿਊਰੋ ਦੇ ਵਧਦੇ ਦਬਾਅ ਤੋਂ ਬਾਅਦ ਜਗਨਦੀਪ ਢਿੱਲੋਂ ਨੇ ਕੋਈ ਹੋਰ ਬਦਲ ਨਾ ਦੇਖਦਿਆਂ ਅੱਜ ਲੁਧਿਆਣਾ ਦੀ ਅਦਾਲਤ ‘ਚ ਆਤਮ ਸਮਰਪਣ ਕਰ ਦਿੱਤਾ ਹੈ ਅਤੇ ਇਸ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।

Scroll to Top