ਟੀਚਿੰਗ ਫ਼ੈਲੋਜ਼ ਭਰਤੀ

ਟੀਚਿੰਗ ਫ਼ੈਲੋਜ਼ ਭਰਤੀ ਘੁਟਾਲੇ ਮਾਮਲੇ ਨੂੰ ਲੈ ਕੇ ਦਫ਼ਤਰੀ ਰਿਕਾਰਡ ਚੈਂਕ ਕਰਨ ਗੁਰਦਾਸਪੁਰ ਪੁੱਜੀ ਵਿਜੀਲੈਂਸ

ਗੁਰਦਾਸਪੁਰ,16 ਮਈ 2023: ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਜ਼ਿਲ੍ਹਾ ਸਿੱਖਿਆ ਦਫ਼ਤਰ ਗੁਰਦਾਸਪੁਰ ਦੇ ਸੀਨੀਅਰ ਕਲਰਕ ਮਿੱਤਰ ਬਾਸੂ ਜਿਸਨੂੰ ਵਿਜੀਲੈਸ ਵੱਲੋ ਬੀਤੇ ਦਿਨੀ ਗ੍ਰਿਫ਼ਤਾਰ ਕੀਤਾ ਗਿਆ ਸੀ, ਅੱਜ ਉਸਨੂੰ ਦਫ਼ਤਰੀ ਰਿਕਾਰਡ ਚੈਂਕ ਕਰਨ ਲਈ ਗੁਰਦਾਸਪੁਰ ਲਿਆਂਦਾ ਗਿਆ ਅਤੇ ਰਿਕਾਰਡ ਚੈਕ ਕੀਤਾ ਗਿਆ |

ਟੀਚਿੰਗ ਫ਼ੈਲੋਜ਼ ਭਰਤੀ ਘੁਟਾਲੇ ਦੇ ਮਾਮਲੇ ਵਿਚ ਹਾਈਕੋਰਟ ਦੀ ਦਿਲਚਸਪੀ ਦੇ ਚੱਲਦਿਆਂ ਵਿਜੀਲੈਂਸ ਬਿਊਰੋ ਨੂੰ ਵੀ ਤੇਜੀ ਨਾਲ ਕੰਮ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ 12 ਮਈ ਨੂੰ ਕੇਸ ਦੀ ਸੁਣਵਾਈ ਦੌਰਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਪੰਜਾਬ ਵਿਜੀਲੈਂਸ ਦੇ ਡਾਇਰੈਕਟਰ ਵਰਿੰਦਰ ਕੁਮਾਰ ਵੱਲੋਂ ਐਫੀਡੇਵਟ ਦੇ ਕੇ ਦੱਸਿਆ ਗਿਆ ਸੀ ਕਿ ਵਿਜੀਲੈਂਸ ਵੱਲੋਂ ਮਾਮਲੇ ਵਿਚ ਐਫਆਈਆਰ ਦਰਜ ਕਰ ਲਈ ਗਈ ਹੈ ਤੇ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਹਨ।

ਇਸ ‘ਤੇ ਹਾਈਕੋਰਟ ਵੱਲੋਂ ਵਿਜੀਲੈਂਸ ਨੂੰ ਆਪਣੀ ਜਾਂਚ ਮੁਕਾਮ ਤੱਕ ਪਹੁੰਚਾਉਣ ਲਈ ਥੋੜਾ ਹੋਰ ਸਮਾਂ ਦੇ ਕੇ ਮਾਮਲੇ ਦੀ ਸੁਣਵਾਈ ਲਈ 24 ਮਈ ਦੀ ਅਗਲੀ ਤਾਰੀਖ਼ ਦੇ ਦਿੱਤੀ ਗਈ ਸੀ। ਉਧਰ ਅੱਜ ਪੰਜਾਬ ਵਿਜੀਲੈਂਸ ਬਿਊਰੋ ਦੀ ਇੱਕ ਟੀਮ ਵੱਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਸੀਨੀਅਰ ਕਲਰਕ ਮਿੱਤਰ ਬਾਸੂ ਜਿਸਨੂੰ ਵਿਜੀਲੈਸ ਵੱਲੋ ਗ੍ਰਿਫ਼ਤਾਰ ਕਰਕੇ ਰਿਮਾਂਡ ‘ਤੇ ਲਿਆ ਗਿਆ ਹੈ, ਉਸਨੂੰ ਤਫਤੀਸ਼ ਲਈ ਗੁਰਦਾਸਪੁਰ ਲਿਆਂਦਾ ਗਿਆ।

ਵਿਜੀਲੈਂਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਟੀਮ ਦੀ ਅਗਵਾਈ ਫਲਾਇੰਗ ਸਕੁਐਡ ਮੋਹਾਲੀ ਦੇ ਡੀਐਸਪੀ ਤੇਜਿੰਦਰ ਸਿੰਘ ਕਰ ਰਹੇ ਸਨ | ਜਦਕਿ ਉਨ੍ਹਾਂ ਦੇ ਸਹਾਇਕ ਦੇ ਤੌਰ ‘ਤੇ ਗੁਰਦਾਸਪੁਰ ਤੋਂ ਵਿਜੀਲੈਂਸ ਦੇ ਡੀਐਸਪੀ ਰਾਜੇਸ਼ਵਰ ਅਤੇ ਉਨ੍ਹਾਂ ਦੀ ਟੀਮ ਵੀ ਮੌਜੂਦ ਸੀ। ਸੂਤਰਾਂ ਅਨੁਸਾਰ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਕਲਰਕ ਮਿੱਤਰ ਬਾਸੂ ਦੇ ਘਰੋਂ ਦਫਤਰ ਦੀਆਂ ਅਲਮਾਰੀਆਂ ਦੀ ਚਾਬੀ ਮੰਗਵਾ ਕੇ ਪੂਰਾ ਰਿਕਾਰਡ ਖੰਗਾਲਿਆ ਗਿਆ ਹੈ ਅਤੇ ਟੀਚਿੰਗ ਫ਼ੈਲੋਜ਼ ਘੁਟਾਲੇ ਵਿੱਚ ਲੋੜੀਂਦੀਆਂ ਕੁਝ ਫਾਈਲਾਂ ਟੀਮ ਅਧਿਕਾਰੀ ਆਪਣੇ ਨਾਲ ਹੀ ਲੈ ਗਏ ਹਨ।

ਇਸ ਦੇ ਨਾਲ ਹੀ ਵਿਜੀਲੈਂਸ ਵੱਲੋਂ ਜਿਲਾ ਸਿੱਖਿਆ ਵਿਭਾਗ ਗੁਰਦਾਸਪੁਰ ਕੋਲੋਂ ਕੁਝ ਹੋਰ ਰਿਕਾਰਡ ਮੰਗਿਆ ਗਿਆ ਹੈ | ਜਿਸ ਨੂੰ ਤਿਆਰ ਕਰਨ ਲਈ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਕਰਮਚਾਰੀ ਦੇਰ ਸ਼ਾਮ ਤੱਕ ਤੱਕ ਲੱਗੇ ਰਹੇ। ਹਾਲਾਂਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਮਰਜੀਤ ਸਿੰਘ ਭਾਟੀਆ ਨੇ ਸਿਰਫ਼ ਇਨ੍ਹਾਂ ਕਿਹਾ ਕਿ ਵਿਜੀਲੈਂਸ ਵੱਲੋਂ ਮੰਗਿਆ ਗਿਆ ਰਿਕਾਰਡ ਤਿਆਰ ਕੀਤਾ ਜਾ ਰਿਹਾ ਹੈ ਅਤੇ ਉਹ ਮੰਗੀ ਗਈ ਜਾਣਕਾਰੀ ਚੰਡੀਗੜ੍ਹ ਜਾ ਕੇ ਵਿਜੀਲੈਂਸ ਬਿਊਰੋ ਨੂੰ ਦੇ ਦੇਣਗੇ।

ਉਨ੍ਹਾ ਕਿਹਾ ਕਿ ਸਰਕਾਰੀ ਮੁਲਾਜ਼ਮ ਹੋਣ ਦੇ ਨਾਤੇ ਉਹ ਵਿਜੀਲੈਂਸ ਬਿਊਰੋ ਨੂੰ ਹਰ ਤਰ੍ਹਾਂ ਦਾ ਸਹਿਯੋਗ ਕਰਨਗੇ। ਇਥੇ ਇਹ ਵੀ ਦੱਸਣਯੋਗ ਹੈ ਕਿ ਹਾਈਕੋਰਟ ਦੀ ਸਖਤੀ ਤੋਂ ਬਾਅਦ ਵਿਜੀਲੈਂਸ ਬਿਊਰੋ ਵੱਲੋਂ ਸੀਨਿਆਰਟੀ ਨੂੰ ਦਰਕਿਨਾਰ ਕਰਕੇ ਭਰਤੀ ਕੀਤੇ ਗਏ ਅਧਿਆਪਕਾਂ ਨਾਲ ਸੰਬਧਤ ਟੀਚਿੰਗ ਫ਼ੈਲੋਜ਼ ਘੋਟਾਲੇ ਦਾ ਮਾਮਲਾ ਦਰਜ ਕਰ ਕੇ ਜਾਂਚ ਵਿਚ ਤੇਜ਼ੀ ਲਿਆਂਦੀ ਗਈ ਸੀ ਅਤੇ 5 ਕਲਰਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ |

ਜਿਨ੍ਹਾਂ ਵਿੱਚੋਂ ਦੋ ਜ਼ਿਲ੍ਹਾ ਲੁਧਿਆਣਾ ਅਤੇ 3 ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਹਨ। ਹਾਈਕੋਰਟ ਵੱਲੋਂ ਵਿਜੀਲੈਂਸ ਨੂੰ ਇੱਕ ਮਹੀਨੇ ਵਿੱਚ ਜਾਂਚ ਮੁਕੰਮਲ ਕਰਨ ਦਾ ਸਮਾਂ ਦਿੱਤਾ ਗਿਆ ਹੈ ਜੇਕਰ ਵਿਜੀਲੈਂਸ ਬਿਊਰੋ ਮਾਮਲੇ ਦੀਆਂ ਪਰਤਾਂ ਖੋਲ੍ਹਣ ਵਿੱਚ ਕਾਮਯਾਬ ਨਹੀਂ ਹੁੰਦਾ ਤਾਂ ਮਾਣਯੋਗ ਅਦਾਲਤ ਵੱਲੋਂ ਮਾਮਲੇ ਦੀ ਜਾਂਚ ਸੀ ਬੀ ਆਈ ਨੂੰ ਦੇਣ ਦੀ ਗੱਲ ਵੀ ਕਹੀ ਗਈ ਹੈ। ਮਤਲਬ ਇਹ ਕਿ 2007 ਤੋਂ ਸ਼ੁਰੂ ਹੋਏ ਇਸ ਪੁਰਾਣੇ ਘੁਟਾਲੇ ਵਿਚ ਜਲਦੀ ਹੀ ਸਭ ਕੁੱਝ ਸਾਹਮਣੇ ਆਉਣ ਦੇ ਅਸਾਰ ਬਣਦੇ ਜਾ ਰਹੇ ਹਨ।

Scroll to Top