ਚੰਡੀਗੜ੍ਹ, 29 ਸਤੰਬਰ 2023: ਵਿਜੀਲੈਂਸ (Vigilance) ਬਿਊਰੋ ਨੇ ਬਠਿੰਡਾ ਨਗਰ ਨਿਗਮ ਵਿੱਚ ਛਾਪਾ ਮਾਰ ਕੇ ਜ਼ਿਲ੍ਹਾ ਮੈਨੇਜਰ ਸੋਨੂੰ ਗੋਇਲ ਨੂੰ 7 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਮੁਤਾਬਕ ਸੋਨੂੰ ਗੋਇਲ ਨੇ ਵਿਧਵਾ ਗੁਰਪ੍ਰੀਤ ਕੌਰ ਨੂੰ ਨੌਕਰੀ ਦਿਵਾਉਣ ਦੇ ਬਦਲੇ 12 ਹਜ਼ਾਰ ਰੁਪਏ ਤਨਖਾਹ ‘ਚੋਂ 7 ਹਜ਼ਾਰ ਰੁਪਏ ਰਿਸ਼ਵਤ ਮੰਗੀ ਸੀ। ਜਿਸ ਤੋਂ ਬਾਅਦ ਵਿਜੀਲੈਂਸ ਨੇ ਜਾਲ ਵਿਛਾ ਕੇ ਸੋਨੂੰ ਗੋਇਲ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।
ਮੁਲਜ਼ਮ ਸੋਨੂੰ ਗੋਇਲ ਨਗਰ ਨਿਗਮ ਵਿੱਚ ਜ਼ਿਲ੍ਹਾ ਪ੍ਰਬੰਧਕ ਤਕਨੀਕੀ ਮਾਹਰ ਹੈ। ਜੋ ਕੇਂਦਰ ਸਰਕਾਰ ਦੇ ਨੈਸ਼ਨਲ ਅਰਬਨ ਆਜੀਵਿਕਾ ਮਿਸ਼ਨ ਵਿੱਚ ਤਾਇਨਾਤ ਸੀ। ਗੁਰਪ੍ਰੀਤ ਕੌਰ ਨੂੰ ਕੁਝ ਸਮਾਂ ਪਹਿਲਾਂ ਨੌਕਰੀ ‘ਤੇ ਰੱਖਿਆ ਗਿਆ ਸੀ। ਜਿਸ ਤੋਂ ਬਾਅਦ ਸੋਨੂੰ ਗੋਇਲ ਨੇ ਉਸ ਤੋਂ ਰਿਸ਼ਵਤ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਵਿਜੀਲੈਂਸ (Vigilance) ਬਿਊਰੋ ਦੇ ਡੀਐਸਪੀ ਨਗਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਕੋਈ ਹੋਰ ਇਸ ਵਿੱਚ ਸ਼ਾਮਲ ਹੁੰਦਾ ਹੈ ਤਾਂ ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।