ਚੰਡੀਗੜ੍ਹ, 13 ਮਾਰਚ 2023: ਪੰਜਾਬ ਦੇ ਲੁਧਿਆਣਾ ਵਿੱਚ ਵਿਜੀਲੈਂਸ ਨੇ ਵੇਅਰ ਹਾਊਸ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ (Kuldeep Singh Vaid) ਦੇ ਘਰ ਛਾਪਾ ਮਾਰਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ, ਜਿਸ ਕਾਰਨ ਅੱਜ ਵਿਜੀਲੈਂਸ ਨੇ ਉਨ੍ਹਾਂ ਦੀ ਸਰਾਭਾ ਨਗਰ ਸਥਿਤ ਰਿਹਾਇਸ਼ ‘ਤੇ ਛਾਪਾ ਮਾਰਿਆ ਹੈ।
ਇਸ ਦੀ ਪੁਸ਼ਟੀ ਲੁਧਿਆਣਾ ਦੇ ਐਸਐਸਪੀ ਵਿਜੀਲੈਂਸ ਰਵਿੰਦਰਪਾਲ ਸਿੰਘ ਸਿੱਧੂ ਨੇ ਕਰਦਿਆਂ ਕਿਹਾ ਕਿ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਤੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੀ ਜਾਂਚ ਚੱਲ ਰਹੀ ਹੈ। ਜਿਸ ਲਈ ਚੰਡੀਗੜ੍ਹ ਤੋਂ ਤਕਨੀਕੀ ਟੀਮਾਂ ਅੱਜ ਲੁਧਿਆਣਾ ਪਹੁੰਚ ਗਈਆਂ ਹਨ।
ਜਿਕਰਯੋਗ ਹੈ ਕਿ ਕੁਲਦੀਪ ਸਿੰਘ ਵੈਦ (Kuldeep Singh Vaid) ਇਸ ਤੋਂ ਪਹਿਲਾਂ ਲੁਧਿਆਣਾ ਮਹਾਂਨਗਰ ਵਿੱਚ ਵਧੀਕ ਡਿਪਟੀ ਕਮਿਸ਼ਨਰ ਵੀ ਰਹਿ ਚੁੱਕੇ ਹਨ। ਇਸ ਨਾਲ ਕਾਂਗਰਸ ਵਿੱਚ ਚੰਗੀ ਪਕੜ ਹੋਣ ਕਾਰਨ ਉਹ ਰਾਜਨੀਤੀ ਵਿੱਚ ਆ ਗਏ ਅਤੇ ਹਲਕਾ ਗਿੱਲ ਤੋਂ ਵਿਧਾਇਕ ਬਣੇ। ਫਿਲਹਾਲ ਵਿਜੀਲੈਂਸ ਅਧਿਕਾਰੀ ਜਾਂਚ ‘ਚ ਲੱਗੇ ਹੋਏ ਹਨ।
ਕੁਲਦੀਪ ਸਿੰਘ ਵੈਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਦੱਸੇ ਜਾਂਦੇ ਹਨ । ਸੂਤਰ ਦੱਸਦੇ ਹਨ ਕਿ ਵਿਜੀਲੈਂਸ ਨੇ ਚਰਨਜੀਤ ਚੰਨੀ ਲਈ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ, ਉਦੋਂ ਤੋਂ ਹੀ ਵਿਜੀਲੈਂਸ ਨੂੰ ਕਈ ਸੁਰਾਗ ਮਿਲੇ ਹਨ। ਉਸ ਤੋਂ ਬਾਅਦ ਹੀ ਅੱਜ ਕੁਲਦੀਪ ਸਿੰਘ ਵੈਦ ਦੇ ਘਰ ਛਾਪਾ ਮਾਰਿਆ ਗਿਆ।