Bharat Inder Chahal

ਵਿਜੀਲੈਂਸ ਨੇ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤਇੰਦਰ ਚਾਹਲ ਦੇ ਮੈਡੀਕਲ ਸਰਟੀਫਿਕੇਟ ਦੀ ਜਾਂਚ ਆਰੰਭੀ

ਚੰਡੀਗੜ੍ਹ, 12 ਮਈ 2023: ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵਿਜੀਲੈਂਸ ਦੀ ਜਾਂਚ ਦਾ ਸਾਹਮਣਾ ਕਰ ਰਹੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ (Bharat Inder Chahal) ਵੱਲੋਂ ਵਿਜੀਲੈਂਸ ਨੂੰ ਦਿੱਤੇ ਮੈਡੀਕਲ ਸਰਟੀਫਿਕੇਟ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਨੂੰ ਸ਼ੱਕ ਹੈ ਕਿ ਭਰਤਇੰਦਰ ਸਿੰਘ ਚਾਹਲ ਜਾਂਚ ਤੋਂ ਬਚਣ ਲਈ ਅਜਿਹਾ ਕਰ ਰਹੇ ਹਨ, ਇਸ ਲਈ ਵਿਜੀਲੈਂਸ ਉਸ ਦੇ ਮੈਡੀਕਲ ਸਰਟੀਫਿਕੇਟਾਂ ਦੀ ਜਾਂਚ ਕਰਨਾ ਚਾਹੁੰਦੀ ਹੈ। ਇਸ ਦੇ ਲਈ ਆਉਣ ਵਾਲੇ ਦਿਨਾਂ ਵਿਚ ਭਰਤਇੰਦਰ ਸਿੰਘ ਚਾਹਲ ਦੀ ਬੀਮਾਰੀ ਬਾਰੇ ਹਸਪਤਾਲ ਅਤੇ ਮੈਡੀਕਲ ਸਰਟੀਫਿਕੇਟ ਦੇਣ ਵਾਲੇ ਡਾਕਟਰ ਤੋਂ ਪੁੱਛਗਿੱਛ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ 24 ਨਵੰਬਰ 2022 ਨੂੰ ਵਿਜੀਲੈਂਸ ਬਿਊਰੋ ਵੱਲੋਂ ਭਰਤਿੰਦਰ ਸਿੰਘ ਚਾਹਲ (Bharat Inder Chahal) ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਜਾਂਚ ਸ਼ੁਰੂ ਕੀਤੀ ਗਈ ਸੀ। ਇਸ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਹੋਣ ਲਈ ਹੁਣ ਤੱਕ ਭਰਤਿੰਦਰ ਸਿੰਘ ਚਾਹਲ ਨੂੰ 10 ਵਾਰ ਬੁਲਾਇਆ ਗਿਆ ਹੈ। ਇੱਥੋਂ ਤੱਕ ਕਿ ਵਿਜੀਲੈਂਸ ਨੇ ਭਰਤਇੰਦਰ ਸਿੰਘ ਚਾਹਲ ਦੇ ਘਰ ਦੇ ਬਾਹਰ ਨੋਟਿਸ ਚਿਪਕਾਇਆ ਸੀ ਪਰ ਉਹ ਵਿਜੀਲੈਂਸ ਦੀ ਜਾਂਚ ਵਿੱਚ ਸ਼ਾਮਲ ਨਹੀਂ ਹੋਏ ।

ਵਿਜੀਲੈਂਸ ਨੇ ਹੁਣ ਤੱਕ ਸਰਹਿੰਦ ਰੋਡ ‘ਤੇ ਸਥਿਤ ਉਸ ਦੇ ਮੈਰਿਜ ਪੈਲੇਸ ਅਤੇ ਨਾਭਾ ਰੋਡ ‘ਤੇ ਉਸ ਦੀ ਜਾਇਦਾਦ ਦੀ ਮਿਣਤੀ ਕੀਤੀ ਹੈ। ਹਾਲ ਹੀ ਵਿੱਚ ਚਾਹਲ ਨੂੰ 7 ਮਈ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਗਿਆ ਸੀ, ਭਰਤਿੰਦਰ ਸਿੰਘ ਚਾਹਲ ਨੇ ਵਿਜੀਲੈਂਸ ਨੂੰ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਪੱਤਰ ਲਿਖ ਕੇ ਮੈਡੀਕਲ ਸਰਟੀਫਿਕੇਟਾਂ ਦੀਆਂ ਕਾਪੀਆਂ ਨੱਥੀ ਕਰਕੇ ਦੋ ਹਫ਼ਤਿਆਂ ਦਾ ਹੋਰ ਸਮਾਂ ਮੰਗਿਆ ਸੀ।

Scroll to Top