ਚੰਡੀਗੜ੍ਹ, 29 ਜੂਨ 2023: ਪੰਜਾਬ ਵਿਜੀਲੈਂਸ ਬਿਊਰੋ ਨੇ ਫਿਰੋਜ਼ਪੁਰ ਦੇ ਸਾਬਕਾ ਡੀਆਈਜੀ ਇੰਦਰਬੀਰ ਸਿੰਘ ਨੂੰ ਪਿਛਲੇ ਸਾਲ ਤਰਨ ਤਾਰਨ ਵਿੱਚ ਹੋਏ ਐਨਡੀਪੀਐਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪਿਛਲੇ ਸਾਲ 30 ਜੂਨ ਨੂੰ ਭਿੱਖੀਪਿੰਡ ਵਿੱਚ ਇੱਕ ਐਫਆਈਆਰ ਦਰਜ ਹੋਈ ਸੀ, ਜਿਸ ਵਿੱਚ ਸੁਰਜੀਤ ਨਾਮ ਦੇ ਮੁਲਜ਼ਮ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਗਿਆ ਸੀ। ਉਸ ਮਾਮਲੇ ਦੀ ਜਾਂਚ ਵਿੱਚ ਪਤਾ ਲੱਗਾ ਕਿ ਪੁਲਿਸ ਨੇ 10 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਨਿਸ਼ਾਂਤ ਸਿੰਘ, ਹੀਰਾ ਸਿੰਘ, ਡੀਐਸਬੀ ਲਖਬੀਰ ਸਿੰਘ ਅਤੇ ਇੱਕ ਹੈੱਡ ਕਾਂਸਟੇਬਲ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ।
ਇਸ ਮਾਮਲੇ ਵਿੱਚ ਡੀਐਸਪੀ ਲਖਬੀਰ ਸਿੰਘ ਨੂੰ ਪਿਛਲੇ ਸਾਲ 6 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਵਿਜੀਲੈਂਸ ਬਿਊਰੋ ਦੇ DIG ਰਾਹੁਲ ਕੁਮਾਰ, ਅੰਮ੍ਰਿਤਸਰ ਦੇ SSP ਵਰਿੰਦਰ ਸਿੰਘ ਸੰਧੂ ਅਤੇ ਫਿਰੋਜ਼ਪੁਰ ਦੇ SSP ਗੁਰਮੀਤ ਸਿੰਘ ਦੀ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (SIT) ਬਣਾਈ ਗਈ ਸੀ। ਜਦੋਂ ਵਿਜੀਲੈਂਸ ਨੇ ਪ੍ਰੋਡਕਸ਼ਨ ਵਾਰੰਟ ‘ਤੇ ਗੋਇੰਦਵਾਲ ਸਾਹਿਬ ਜੇਲ੍ਹ ਤੋਂ DSP ਲਖਬੀਰ ਸੰਧੂ ਤੋਂ ਪੁੱਛਗਿੱਛ ਕੀਤੀ ਤਾਂ ਜਾਂਚ ਟੀਮ ਨੂੰ ਕੁਝ ਮੋਬਾਈਲ ਰਿਕਾਰਡਿੰਗ ਮਿਲੇ। ਕਿਹਾ ਜਾ ਰਿਹਾ ਹੈ ਕਿ ਜਲਦ ਹੀ ਇਸ ਮਾਮਲੇ ‘ਚ ਵੱਡੇ ਖੁਲਾਸੇ ਹੋਣਗੇ।