Vigilance Bureau

ਵਿਜੀਲੈਂਸ ਬਿਊਰੋ ਨੇ ਕੈਮਿਸਟ ਤੋਂ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਐਸ.ਐਮ.ਓ. ਤੇ ਬੀ.ਏ.ਐਮ.ਐਸ. ਡਾਕਟਰ ਨੂੰ ਕੀਤਾ ਕਾਬੂ

ਚੰਡੀਗੜ, 03 ਨਵੰਬਰ 2023: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਸ਼ੁੱਕਰਵਾਰ ਨੂੰ ਜ਼ਿਲ੍ਹਾ ਲੁਧਿਆਣਾ ਦੇ ਕਸਬਾ ਸਾਹਨੇਵਾਲ ਦੇ ਕਮਿਊਨਿਟੀ ਹੈਲਥ ਸੈਂਟਰ (ਸੀ.ਐਚ.ਸੀ.) ਵਿੱਚ ਤਾਇਨਾਤ ਡਾ: ਪੂਨਮ ਗੋਇਲ, ਐਸ.ਐਮ.ਓ. ਅਤੇ ਡਾ: ਗੌਰਵ ਜੈਨ, ਬੀ.ਏ.ਐਮ.ਐਸ. ਨੂੰ 15,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਦੋਵੇਂ ਡਾਕਟਰਾਂ ਨੂੰ ਕੁਲਵਿੰਦਰ ਸਿੰਘ ਵਾਸੀ ਗੁਰੂ ਅਰਜਨ ਦੇਵ ਨਗਰ, ਸਾਹਨੇਵਾਲ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ (Vigilance Bureau) ਰੇਂਜ ਦਫਤਰ ਲੁਧਿਆਣਾ ਵਿਖੇ ਪਹੁੰਚ ਕੇ ਆਪਣੇ ਬਿਆਨ ਦਰਜ ਕਰਵਾਏ ਅਤੇ ਦੋਸ਼ ਲਾਇਆ ਕਿ ਉਕਤ ਦੋਵੇਂ ਡਾਕਟਰ ਉਸ ਤੋਂ ਰਿਸ਼ਵਤ ਦੀ ਮੰਗ ਕਰ ਰਹੇ ਹਨ ਕਿਉਂਕਿ ਉਹ ਸਾਹਨੇਵਾਲ ਵਿਖੇ ਡੱਬ ਮੈਡੀਕਲ ਸਟੋਰ ਨਾਮਕ ਕੈਮਿਸਟ ਦੀ ਦੁਕਾਨ ਚਲਾ ਰਿਹਾ ਹੈ। ਉਸਨੇ ਅੱਗੇ ਦੱਸਿਆ ਕਿ ਡਾ: ਗੌਰਵ ਜੈਨ 2 ਹੋਰਾਂ ਨਾਲ 26.10.2023 ਨੂੰ ਉਸਦੀ ਕੈਮਿਸਟ ਦੀ ਦੁਕਾਨ ‘ਤੇ ਚੈਕਿੰਗ ਲਈ ਆਇਆ ਅਤੇ ਉਥੇ ਮੌਜੂਦ ਉਦਸੇ ਭਰਾ ਨੂੰ ਆਖਿਆ ਕਿ ਕੁਲਵਿੰਦਰ ਸਿੰਘ (ਸ਼ਿਕਾਇਤਕਰਤਾ) ਵਿਰੁੱਧ ਬਿਨਾਂ ਲਾਇਸੈਂਸ ਤੋਂ ਦਵਾਈਆਂ ਵੇਚਣ ਅਤੇ ਗੈਰ-ਕਾਨੂੰਨੀ ਪੈਥੋਲੋਜੀਕਲ ਲੈਬਾਰਟਰੀ ਚਲਾਉਣ ਦੀ ਸ਼ਿਕਾਇਤ ਹੈ। ਉਸਦੀ ਦੁਕਾਨ ਤੋਂ ਜਾਣ ਤੋਂ ਪਹਿਲਾਂ ਡਾਕਟਰ ਗੌਰਵ ਜੈਨ ਨੇ ਉਸਦੇ ਭਰਾ ਨੂੰ ਐਸ.ਐਮ.ਓ. ਡਾ: ਪੂਨਮ ਗੋਇਲ ਨੂੰ ਮਿਲਣ ਲਈ ਕਿਹਾ।

ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਜਦੋਂ ਉਹ ਐਸ.ਐਮ.ਓ. ਪੂਨਮ ਗੋਇਲ ਨੂੰ ਮਿਲਿਆ ਤਾਂ ਉਸਨੇ ਉਸਦੀ ਮੈਡੀਕਲ ਦੁਕਾਨ ਨੂੰ ਸੀਲ ਕਰਨ ਅਤੇ ਉਸਦੇ ਖਿਲਾਫ ਮਾਮਲਾ ਦਰਜ ਕਰਨ ਦੀ ਧਮਕੀ ਦਿੱਤੀ। ਉਸਦੀ ਬੇਨਤੀ ‘ਤੇ, ਉਸਨੇ ਉਸਨੂੰ ਮਾਮਲਾ ਸੁਲਝਾਉਣ ਲਈ ਡਾਕਟਰ ਗੌਰਵ ਜੈਨ ਨੂੰ ਮਿਲਣ ਲਈ ਕਿਹਾ। ਇਸ ਤੋਂ ਬਾਅਦ ਡਾਕਟਰ ਗੌਰਵ ਜੈਨ ਨੇ ਸ਼ਿਕਾਇਤਕਰਤਾ ਨੂੰ ਦੱਸਿਆ ਕਿ ਐਸ.ਐਮ.ਓ. ਮੈਡਮ ਇੱਕ ਲੱਖ ਰੁਪਏ ਰਿਸ਼ਵਤ ਦੀ ਮੰਗ ਰਹੀ ਹੈ ਪਰ ਮਿੰਨਤਾਂ ਕਰਨ ਤੇ ਸੌਦਾ 20 ਹਜ਼ਾਰ ਰੁਪਏ ਵਿੱਚ ਹੋ ਗਿਆ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਡਾਕਟਰ ਗੌਰਵ ਜੈਨ ਨੇ ਉਸੇ ਦਿਨ ਹੀ ਉਸ ਕੋਲ਼ੋਂ 5 ਹਜ਼ਾਰ ਰੁਪਏ ਲੈ ਲਏ ਸਨ ਅਤੇ ਹੁਣ ਬਾਕੀ ਰਕਮ ਦੇਣ ਦੀ ਮੰਗ ਕਰ ਰਿਹਾ ਹੈ। ਡਾ: ਗੋਰਵ ਜੈਨ ਨਾਲ ਫ਼ੋਨ ਕਾਲਾਂ ਦੌਰਾਨ ਸ਼ਿਕਾਇਤਕਰਤਾ ਨੇ ਗੱਲਬਾਤ ਦੀ ਰਿਕਾਰਡਿੰਗ ਕਰ ਲਈ ਜੋ ਉਸਨੇ ਸਬੂਤ ਵਜੋਂ ਵਿਜੀਲੈਂਸ ਨੂੰ ਸੌਂਪੀ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਜਿਸ ਵਿੱਚ ਦੋਸ਼ੀ ਡਾਕਟਰ ਗੌਰਵ ਜੈਨ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ 15000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਤੋਂ ਬਾਅਦ ਡਾਕਟਰ ਪੂਨਮ ਗੋਇਲ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਸ ਸਬੰਧੀ 28 ਮਿਤੀ 03.11.2023 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ ਆਈ.ਪੀ.ਸੀ. ਦੀ 120-ਬੀ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਐਫ.ਆਈ.ਆਰ. ਨੰਬਰ 28 ਦਰਜ ਕਰ ਲਈ ਹੈ। ਦੋਵਾਂ ਮੁਲਜ਼ਮਾਂ ਨੂੰ ਭਲਕੇ ਲੁਧਿਆਣਾ ਦੀ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Scroll to Top