Bribe

ਵਿਜੀਲੈਂਸ ਵੱਲੋਂ 20,000 ਰੁਪਏ ਰਿਸ਼ਵਤ ਲੈਂਦਾ ਥਾਣਾ ਦਸੂਹਾ ਦਾ SHO ਅਤੇ ਉਸ ਦਾ ਡਰਾਈਵਰ ਕਾਬੂ

ਚੰਡੀਗੜ੍ਹ, 30 ਅਗਸਤ 2023: ਪੰਜਾਬ ਵਿਜੀਲੈਂਸ ਬਿਊਰੋ ਨੇ ਬੀਤੇ ਦਿਨ ਥਾਣਾ ਦਸੂਹਾ ਦੇ ਐਸ.ਐਚ.ਓ. ਬਲਵਿੰਦਰ ਸਿੰਘ (ਇੰਸਪੈਕਟਰ) ਅਤੇ ਉਸਦੇ ਡਰਾਈਵਰ ਏ.ਐਸ.ਆਈ. ਯੋਗਰਾਜ ਨੂੰ 20,000 ਰੁਪਏ ਰਿਸ਼ਵਤ (Bribe) ਲੈਂਦਿਆਂ ਕਾਬੂ ਕੀਤਾ ਹੈ। ਇਸੇ ਦੌਰਾਨ ਵਿਜੀਲੈਂਸ ਨੇ ਉਕਤ ਐਸ.ਐਚ.ਓ. ਦੇ ਘਰ ਦੀ ਤਲਾਸ਼ੀ ਦੌਰਾਨ 60,000 ਰੁਪਏ ਵੀ ਬਰਾਮਦ ਕੀਤੇ ਹਨ। ਵਿਜੀਲੈਂਸ ਵੱਲੋਂ ਇਹਨਾਂ ਮੁਲਜ਼ਮਾਂ ਨੂੰ ਬਲਵਿੰਦਰ ਸਿੰਘ ਵਾਸੀ ਪਿੰਡ ਸੈਦੋਵਾਲ ਕਲਾਂ ਜ਼ਿਲ੍ਹਾ ਗੁਰਦਾਸਪੁਰ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਬਲਵਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਭਰਾ ਲਖਵਿੰਦਰ ਸਿੰਘ ਅਤੇ ਉਸ ਦੇ ਤਾਏ ਦੇ ਮੁੰਡੇ ਗੁਰਨਾਮ ਸਿੰਘ ਵਿਰੁੱਧ ਥਾਣਾ ਦਸੂਹਾ ਵਿਖੇ 08-07-2023 ਨੂੰ ਆਈ.ਪੀ.ਸੀ ਦੀ ਧਾਰਾ 324, 506 ਅਤੇ 34 ਤਹਿਤ ਦਰਜ ਐਫ.ਆਈ.ਆਰ. ਨੰਬਰ 126 ਵਿੱਚ ਧਾਰਾ 326 ਨਾ ਜੋੜਨ ਬਦਲੇ ਮੁਲਜ਼ਮ ਇੰਸਪੈਕਟਰ ਨੇ ਇੱਕ ਲੱਖ ਰੁਪਏ ਰਿਸ਼ਵਤ ਮੰਗੀ ਸੀ ਅਤੇ ਸੌਦਾ 50,000 ਰੁਪਏ ਵਿਚ ਤੈਅ ਹੋਇਆ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਮੁਲਜ਼ਮ ਐਸ.ਐਚ.ਓ. ਪਹਿਲਾਂ ਹੀ ਉਸ ਕੋਲੋਂ 20 ਹਜ਼ਾਰ ਰੁਪਏ ਲੈ ਚੁੱਕਾ ਹੈ ਅਤੇ ਬਕਾਇਆ ਰਿਸ਼ਵਤ ਮੰਗ ਰਿਹਾ ਸੀ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਯੂਨਿਟ ਹੁਸ਼ਿਆਰਪੁਰ ਦੀ ਟੀਮ ਨੇ ਟਰੈਪ ਲਗਾ ਕੇ ਐਸ.ਐਚ.ਓ. ਬਲਵਿੰਦਰ ਸਿੰਘ ਅਤੇ ਉਸਦੇ ਡਰਾਈਵਰ ਯੋਗਰਾਜ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 20,000 ਰੁਪਏ ਰਿਸ਼ਵਤ (Bribe) ਲੈਂਦਿਆਂ ਕਾਬੂ ਕਰ ਲਿਆ ਹੈ। ਇਸ ਸਬੰਧੀ ਮੁਲਜ਼ਮ ਐਸ.ਐਚ.ਓ. ਅਤੇ ਉਸਦੇ ਡਰਾਈਵਰ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਧੀਨ ਥਾਣਾ ਵਿਜੀਲੈਂਸ ਬਿਊਰੋ, ਜਲੰਧਰ ਰੇਂਜ ਵਿਖੇ ਮਿਤੀ 29-08-2023 ਨੂੰ ਐਫ.ਆਈ.ਆਰ. ਨੰ. 21 ਦਰਜ ਕੀਤੀ ਗਈ ਹੈ।

Scroll to Top