Vigilance

ਵਿਜੀਲੈਂਸ ਵੱਲੋਂ 20,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਸੇਵਾਮੁਕਤ SDO ਗ੍ਰਿਫਤਾਰ

ਚੰਡੀਗੜ੍ਹ, 07 ਜੁਲਾਈ 2023: ਸੂਬੇ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸੇਵਾਮੁਕਤ ਐਸ.ਡੀ.ਓ. ਸੁਦੇਸ਼ ਕੁਮਾਰ, ਜੋ ਸਾਲ 2016 ਵਿੱਚ ਪੰਜਾਬ ਮੰਡੀ ਬੋਰਡ ਸਬ-ਡਿਵੀਜ਼ਨ ਨੰਬਰ 3, ਜ਼ਿਲ੍ਹਾ ਤਰਨ ਤਾਰਨ ਵਿਖੇ ਤਾਇਨਾਤ ਸੀ, ਨੂੰ 20,000 ਰੁਪਏ ਰਿਸ਼ਵਤ (BRIBE) ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਐਸ.ਡੀ.ਓ. ਨੂੰ ਦਰਸ਼ਨ ਸਿੰਘ ਵਾਸੀ ਪੱਟੀ ਜ਼ਿਲ੍ਹਾ ਤਰਨ ਤਾਰਨ ਦੀ ਸ਼ਿਕਾਇਤ ‘ਤੇ ਕਾਬੂ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਥਾਣਾ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਰੇਂਜ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਪੰਜਾਬ ਮੰਡੀ ਬੋਰਡ ਨੇ ਤਰਨ ਤਾਰਨ ਜ਼ਿਲ੍ਹੇ ਵਿੱਚ ਲਿੰਕ ਸੜਕਾਂ ਦੇ ਨਿਰਮਾਣ ਦਾ ਕੰਮ ਦਰਸ਼ਨ ਸਿੰਘ ਦੀ ਫਰਮ ਐਲ.ਟੀ. ਬਿਲਡਰਜ਼ ਨੂੰ ਅਲਾਟ ਕੀਤਾ ਸੀ। ਉਕਤ ਐਸ.ਡੀ.ਓ. ਨੇ ਫਰਮ ਦੀ 34,33,002 ਰੁਪਏ ਦੀ ਜ਼ਮਾਨਤ ਰਾਸ਼ੀ ਵਾਪਸ ਕਰਨ ਬਦਲੇ ਸ਼ਿਕਾਇਤਕਰਤਾ ਤੋਂ 1 ਲੱਖ ਰੁਪਏ ਰਿਸ਼ਵਤ (BRIBE) ਮੰਗੀ ਸੀ ਅਤੇ ਉਹ 20,000 ਰੁਪਏ ਰਿਸ਼ਵਤ ਲੈ ਚੁੱਕਾ ਹੈ।

ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁਢਲੀ ਜਾਂਚ ਉਪਰੰਤ ਉਕਤ ਐਸ.ਡੀ.ਓ. ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਧੀਨ ਐਫ.ਆਈ.ਆਰ ਨੰਬਰ 09 ਮਿਤੀ 06-03-2023 ਨੂੰ ਥਾਣਾ ਵਿਜੀਲੈਂਸ ਬਿਊਰੋ, ਅੰਮ੍ਰਿਤਸਰ ਰੇਂਜ ਵਿਖੇ ਦਰਜ ਕੀਤੀ ਗਈ ਅਤੇ ਅੱਜ ਵਿਜੀਲੈਂਸ ਬਿਊਰੋ ਦੀ ਟੀਮ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Scroll to Top