July 2, 2024 8:58 pm
bribe

ਵਿਜੀਲੈਂਸ ਵੱਲੋਂ ਤਹਿਸੀਲਦਾਰ ਦੇ ਨਾਂ ‘ਤੇ 7 ਹਜ਼ਾਰ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਪ੍ਰਾਈਵੇਟ ਵਿਅਕਤੀ ਕਾਬੂ

ਚੰਡੀਗੜ੍ਹ, 3 ਅਗਸਤ 2023: ਪੰਜਾਬ ਵਿਜੀਲੈਂਸ ਬਿਊਰੋ ਨੇ ਰਮਨ ਕੌੜਾ ਦੇ ਨਾਂ ਦੇ ਇੱਕ ਪ੍ਰਾਈਵੇਟ ਵਿਅਕਤੀ, ਜੋ ਆਪਣੇ ਆਪ ਨੂੰ ਜ਼ਿਲ੍ਹਾ ਲੁਧਿਆਣਾ ਦੇ ਕੋਹਾੜਾ ਦਾ ਪਟਵਾਰੀ ਦੱਸਦਾ ਸੀ, ਨੂੰ ਤਹਿਸੀਲਦਾਰ ਦੇ ਨਾਮ ‘ਤੇ 7000 ਰੁਪਏ ਰਿਸ਼ਵਤ (Bribe) ਮੰਗਣ ਦੇ ਦੋਸ਼ ਵਿੱਚ ਕਾਬੂ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਅਮਰਜੀਤ ਸਿੰਘ ਵਾਸੀ ਈਸ਼ਰ ਨਗਰ, ਲੁਧਿਆਣਾ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਸਹੁਰੇ ਰਤਨ ਚੰਦ ਦੀ ਮੌਤ ਤੋਂ ਬਾਅਦ ਉਸਦੀ ਸੱਸ ਸੁਨੀਤਾ ਦੇਵੀ ਅਤੇ ਉਸਦੇ ਬੱਚਿਆਂ ਦੇ ਨਾਂ ਜਾਇਦਾਦ ਦਾ ਇੰਤਕਾਲ ਦਰਜ ਕਰਵਾਉਣਾ ਸੀ, ਜਿਸ ਲਈ ਮੁਲਜ਼ਮ ਰਮਨ ਕੌੜਾ ਨੇ ਤਹਿਸੀਲਦਾਰ ਦੇ ਨਾਂ ‘ਤੇ 7000 ਰੁਪਏ ਰਿਸ਼ਵਤ ਮੰਗੀ ਸੀ। ਸ਼ਿਕਾਇਤਕਰਤਾ ਨੇ ਇਸ ਸਬੰਧੀ ਇੱਕ ਆਡੀਓ ਰਿਕਾਰਡਿੰਗ ਵੀ ਪੇਸ਼ ਕੀਤੀ ਸੀ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਥਾਣਾ ਵਿਜੀਲੈਂਸ ਬਿਊਰੋ, ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7-ਏ ਅਧੀਨ ਐਫ.ਆਈ.ਆਰ. ਨੰਬਰ 19 ਮਿਤੀ 02.08.2023 ਦਰਜ ਕਰਨ ਬਾਅਦ ਅੱਜ ਮੁਲਜ਼ਮ ਰਮਨ ਕੌੜਾ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਕੋਹਾੜਾ ਵਿਖੇ ਤਾਇਨਾਤ ਸਬੰਧਤ ਤਹਿਸੀਲਦਾਰ ਅਤੇ ਪਟਵਾਰੀ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।