July 2, 2024 8:22 pm
Vigilance Bureau

ਵਿਜੀਲੈਂਸ ਬਿਊਰੋ ਵੱਲੋਂ 20,000 ਰੁਪਏ ਰਿਸ਼ਵਤ ਲੈਂਦਾ ਪੁਲਿਸ ਸਬ-ਇੰਸਪੈਕਟਰ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 4 ਅਕਤੂਬਰ 2023: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਅੱਜ ਥਾਣਾ ਮਲੌਦ, ਜ਼ਿਲ੍ਹਾ ਖੰਨਾ ਵਿਖੇ ਤਾਇਨਾਤ ਪੁਲਿਸ ਸਬ-ਇੰਸਪੈਕਟਰ ਜਗਜੀਤ ਸਿੰਘ (ਨੰ: 462/ਖੰਨਾ) ਨੂੰ 20,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ (Vigilance Bureau) ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਨੂੰ ਹਰਦੀਪ ਸਿੰਘ ਵਾਸੀ ਪਿੰਡ ਸ਼ੇਖਾਂ, ਤਹਿਸੀਲ ਪਾਇਲ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ (Vigilance Bureau) ਦਫ਼ਤਰ ਲੁਧਿਆਣਾ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ 28 ਸਤੰਬਰ, 2023 ਨੂੰ ਉਸਦਾ ਭਰਾ ਜਗਤਾਰ ਸਿੰਘ ਆਪਣੇ ਮੋਟਰਸਾਈਕਲ (ਰਜਿਸਟ੍ਰੇਸ਼ਨ ਨੰਬਰ PB-10-HY-4663) ‘ਤੇ ਸਿਵਲ ਹਸਪਤਾਲ ਮਲੌਦ ਵਿਖੇ ਨਸ਼ਾ ਛੁਡਾਊ ਕੇਂਦਰ ਤੋਂ ਦਵਾਈ ਲੈਣ ਗਿਆ ਸੀ।

ਦੁਪਹਿਰ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੇ ਭਰਾ ਜਗਤਾਰ ਸਿੰਘ ਖਿਲਾਫ਼ ਥਾਣਾ ਮਲੌਦ ਵਿਖੇ ਨਾਰਕੋਟਿਕ ਡਰੱਗਸ ਐਂਡ ਸਾਇਕੋਟ੍ਰੋਪਿਕ ਸਬਟਾਂਸਿਸ (ਐਨ.ਡੀ.ਪੀ.ਐਸ.) ਦਾ ਮਾਮਲਾ ਦਰਜ ਕੀਤਾ ਗਿਆ। ਇਸ ਤੋਂ ਬਾਅਦ ਸ਼ਿਕਾਇਤਕਰਤਾ ਆਪਣੇ ਪਿੰਡ ਵਾਸੀ ਪਰਮਜੀਤ ਸਿੰਘ ਨਾਲ ਥਾਣੇ ਗਿਆ ਅਤੇ ਉਕਤ ਐਸ.ਆਈ. ਨੂੰ ਮਿਲਿਆ, ਜਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਜਗਤਾਰ ਸਿੰਘ ਵਿਰੁੱਧ ਐਨ.ਡੀ.ਪੀ.ਐਸ. ਐਕਟ ਦੀ ਧਾਰਾ 22 ਤਹਿਤ 28 ਸਤੰਬਰ 2023 ਨੂੰ ਐਫ.ਆਈ.ਆਰ. 101 ਦਰਜ ਕੀਤੀ ਗਈ ਹੈ।

ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਐਸ.ਆਈ. ਜਗਜੀਤ ਸਿੰਘ ਨੇ ਉਸ ਨੂੰ ਵੀ ਇਸ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ ਅਤੇ ਉਸ ਕੋਲੋਂ ਰਿਸ਼ਵਤ ਵਜੋਂ ਪਹਿਲਾਂ ਹੀ 15,000 ਰੁਪਏ ਲੈ ਚੁੱਕਿਆ ਹੈ। ਐਸ.ਆਈ. ਜਗਜੀਤ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਮੋਟਰਸਾਈਕਲ ਬਾਰੇ ਅਜੇ ਤੱਕ ਕੇਸ ਵਿੱਚ ਜ਼ਿਕਰ ਨਹੀਂ ਕੀਤਾ ਗਿਆ ਅਤੇ ਇਸ ਮੋਟਰਸਾਈਕਲ ਨੂੰ ਕੇਸ ਵਿੱਚ ਸ਼ਾਮਲ ਨਾ ਕਰਨ ਲਈ ਰਿਸ਼ਵਤ ਵਜੋਂ 20,000 ਰੁਪਏ ਦੀ ਮੰਗ ਕੀਤੀ। ਸ਼ਿਕਾਇਤਕਰਤਾ ਹਰਦੀਪ ਸਿੰਘ ਨੇ ਰਿਸ਼ਵਤ ਨਾ ਦੇਣ ਬਾਰੇ ਸੋਚ ਕੇ ਵਿਜੀਲੈਂਸ ਬਿਊਰੋ ਰੇਂਜ ਦਫ਼ਤਰ ਲੁਧਿਆਣਾ ਵਿਖੇ ਪਹੁੰਚ ਕਰਨ ਦਾ ਫ਼ੈਸਲਾ ਕੀਤਾ।

ਬੁਲਾਰੇ ਨੇ ਅੱਗੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਐਸ.ਆਈ. ਜਗਜੀਤ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।

ਇਸ ਸਬੰਧ ਵਿਚ ਉਕਤ ਪੁਲਿਸ ਮੁਲਾਜ਼ਮ ਖਿਲਾਫ਼ ਥਾਣਾ ਵਿਜੀਲੈਂਸ ਰੇਂਜ ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਧੀਨ ਐਫ.ਆਈ.ਆਰ 25 ਮਿਤੀ 4 ਅਕਤੂਬਰ 2023 ਨੂੰ ਮਾਮਲਾ ਦਰਜ ਕੀਤਾ ਗਿਆ ਹੈ। ਫੜੇ ਗਏ ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਅਗਲੀ ਕਾਰਵਾਈ ਜਾਰੀ ਹੈ।