ਚੰਡੀਗੜ੍ਹ 20 ਅਪ੍ਰੈਲ 2023: ਵਿਜੀਲੈਂਸ ਬਿਊਰੋ (Vigilance Bureau), ਪੰਜਾਬ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਅੱਜ ਵੀਰਵਾਰ ਨੂੰ ਫਤਿਹਗੜ੍ਹ ਸਾਹਿਬ ਵਿਖੇ ਤਾਇਨਾਤ ਬਾਲ ਵਿਕਾਸ ਪ੍ਰੋਜੈਕਟ ਅਫਸਰ (ਸੀਡੀਪੀਓ), ਅੰਜੂ ਭੰਡਾਰੀ ਅਤੇ ਉਸਦੇ ਚਪੜਾਸੀ ਬਲੀਹਾਰ ਸਿੰਘ ਨੂੰ 20,000 ਰੁਪਏ ਦੀ ਰਿਸ਼ਵਤ ਮੰਗਣ ਅਤੇ ਹਾਸਲ ਕਰਦਿਆਂ ਰੰਗੇ ਹੱਥੀ ਕਾਬੂ ਕਰ ਲਿਆ ਗਿਆ।
ਅੱਜ ਇੱਥੇ ਇਸ ਦਾ ਖੁਲਾਸਾ ਕਰਦਿਆਂ ਵਿਜੀਲੈਂਸ ਬਿਊਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਸੀਡੀਪੀਓ ਅਤੇ ਉਸਦੇ ਚਪੜਾਸੀ ਨੂੰ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਰਿਉਣਾ ਨੀਵਾਂ ਦੀ ਰਹਿਣ ਵਾਲੀ ਮਮਤਾ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਹੋਰ ਵੇਰਵੇ ਦਿੰਦੇ ਹੋਏ ਉਨਾਂ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਪਰੋਕਤ ਦੋਵੇਂ ਕਰਮਚਾਰੀਆਂ ਨੇ ਆਂਗਨਵਾੜੀ ਹੈਲਪਰ ਦੇ ਖਾਲੀ ਅਹੁਦੇ ‘ਤੇ ਉਸਨੂੰ ਨੌਕਰੀ ਉਤੇ ਰੱਖਣ ਬਦਲੇ 35,000 ਰੁਪਏ ਰਿਸ਼ਵਤ ਵਜੋਂ ਦੇਣ ਦੀ ਮੰਗ ਕੀਤੀ ਹੈ ਜਿਸ ਲਈ ਉਹ ਪਹਿਲਾਂ ਹੀ ਅਰਜ਼ੀ ਦਿੱਤੀ ਹੋਈ ਹੈ।
ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ (Vigilance Bureau) ਦੀ ਇੱਕ ਟੀਮ ਨੇ ਜਾਲ ਵਿਛਾ ਕੇ ਦੋਹਾਂ ਦੋਸ਼ੀ ਮੁਲਜ਼ਮਾਂ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਸ਼ਿਕਾਇਤਕਰਤਾ ਤੋਂ ਰਿਸ਼ਵਤ ਵਜੋਂ 20,000 ਰੁਪਏ ਲੈਂਦਿਆਂ ਮੌਕੇ ‘ਤੇ ਹੀ ਗ੍ਰਿਫਤਾਰ ਕਰ ਲਿਆ। ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਪੁਲਿਸ ਥਾਣਾ ਪਟਿਆਲਾ ਰੇਂਜ ਵਿੱਚ ਦੋਵਾਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਕੇਸ ਦੀ ਹੋਰ ਜਾਂਚ ਜਾਰੀ ਹੈ।