ਚੰਡੀਗੜ, 21 ਫਰਵਰੀ 2024: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਮਕਸਦ ਨਾਲ ਜਸ਼ਨਦੀਪ ਸਿੰਘ, ਸਹਾਇਕ ਮੈਨੇਜਰ (ਫੀਲਡ ਅਫਸਰ) ਸਟੇਟ ਬੈਂਕ ਆਫ ਇੰਡੀਆ, ਨੂਰਪੁਰਬੇਦੀ, ਜ਼ਿਲ੍ਹਾ ਰੂਪਨਗਰ ਨੂੰ 20 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ (Vigilance Bureau) ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਨੰਦ ਲਾਲ ਵਾਸੀ ਪਿੰਡ ਬੁੰਗੜੀ, ਤਹਿਸੀਲ ਨੂਰਪੁਰਬੇਦੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫਤਾਰ ਕੀਤਾ ਗਿਆ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੱਸਿਆ ਕਿ ਜਸ਼ਨਦੀਪ ਸਿੰਘ ਉਸ ਵੱਲੋਂ ਉਤਾਰੇ ਜਾ ਚੁੱਕੇ ਲੋਨ ਦਾ ਇਤਰਾਜ਼ਹੀਣਤਾ ਸਰਟੀਫੀਕੇਟ ਜਾਰੀ ਕਰਨ ਬਦਲੇ 40,000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ।
ਇਸ ਸਬੰਧੀ ਹੋਰ ਵੇਰਵੇ ਸਾਂਝੇ ਕਰਦਿਆਂ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਐਸ.ਬੀ.ਆਈ., ਨੂਰਪੁਰਬੇਦੀ ਤੋਂ ਕਰਜ਼ਾ ਲਿਆ ਸੀ ਪਰ ਸਮੇਂ ਸਿਰ ਉਸ ਦੀ ਅਦਾਇਗੀ ਨਹੀਂ ਕਰ ਸਕਿਆ, ਜਿਸ ’ਤੇ ਐਸ.ਬੀ.ਆਈ. ਨੂਰਪੁਰਬੇਦੀ ਨੇ ਉਸਦੇ ਖਿਲਾਫ਼ ਸ੍ਰੀ ਅਨੰਦਪੁਰ ਸਾਹਿਬ ਦੀ ਅਦਾਲਤ ਵਿੱਚ ਕੇਸ ਦਾਇਰ ਕੀਤਾ। ਲੋਕ ਅਦਾਲਤ ਨੇ ਸ਼ਿਕਾਇਤਕਰਤਾ ਨੂੰ 7 ਲੱਖ ਰੁਪਏ ਜਮ੍ਹਾਂ ਕਰਵਾਉਣ ਦਾ ਹੁਕਮ ਦਿੱਤਾ, ਜੋ ਕਿ ਉਸ ਵੱਲੋਂ ਉਕਤ ਬੈਂਕ ਵਿੱਚੇ ਜਮ੍ਹਾਂ ਕਰਵਾ ਦਿੱਤੇ ਗਏ। ਬਾਅਦ ਵਿੱਚ ਇਸ ਕਰਜ਼ੇ ਸਬੰਧੀ ਐਨ.ਓ.ਸੀ. ਲੈਣ ਲਈ ਉਕਤ ਮੁਲਜ਼ਮ ਸਹਾਇਕ ਮੈਨੇਜਰ ਨੇ ਉਸ ਕੋਲ਼ੋਂ 50,000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਦੱਸਿਆ ਕਿ ਸੌਦਾ 40 ਹਜ਼ਾਰ ਰੁਪਏ ਵਿੱਚ ਤੈਅ ਹੋਇਆ ਹੈ।
ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਮੁਲਜ਼ਮ ਜਸ਼ਨਦੀਪ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰਿਸ਼ਵਤ ਦੀ ਅੱਧੀ ਰਕਮ 20,000 ਰੁਪਏ ਲੈਂਦਿਆਂ ਕਾਬੂ ਕਰ ਲਿਆ। ਇਸ ਸਬੰਧੀ ਥਾਣਾ ਵਿਜੀਲੈਂਸ ਰੇਂਜ ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।