Bribe

ਵਿਜੀਲੈਂਸ ਬਿਊਰੋ ਵੱਲੋਂ 50,000 ਰੁਪਏ ਦੀ ਰਿਸ਼ਵਤ ਲੈਂਦਾ ਕਾਨੂੰਗੋ ਰੰਗੇ ਹੱਥੀਂ ਕਾਬੂ

ਚੰਡੀਗੜ, 23 ਫਰਵਰੀ 2023: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਠੱਲ ਪਾਉਣ ਦੇ ਮਕਸਦ ਨਾਲ ਅੱਜ ਮਾਲੇਰਕੋਟਲਾ ਜ਼ਿਲਾ ਦੇ ਮਾਲ ਬਲਾਕ ਜਮਾਲਪੁਰਾ ਵਿੱਚ ਤਾਇਨਾਤ ਕਾਨੂੰਗੋ ਵਿਜੇ ਪਾਲ ਨੂੰ 50,000 ਰੁਪਏ ਰਿਸ਼ਵਤ ਦੀ ਮੰਗ ਕਰਨ ਅਤੇ ਰਿਸ਼ਵਤ (Bribe) ਲੈਣ ਦੇ ਦੋਸ਼ ਹੇਠ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਕਾਨੂੰਗੋ ਵਾਸੀ ਪਿੰਡ ਭਰਥਲਾ ਮੰਡੇਰ, ਮਾਲੇਰਕੋਟਲਾ ਨੂੰ ਕਰਮਜੀਤ ਸਿੰਘ ਵਾਸੀ ਪਿੰਡ ਭੈਣੀ ਕਲਾਂ, ਤਹਿਸੀਲ ਅਮਰਗੜ, ਮਾਲੇਰਕੋਟਲਾ ਦੀ ਸ਼ਿਕਾਇਤ ‘ਤੇ ਗਿਰਫਤਾਰ ਕੀਤਾ ਗਿਆ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਕਿ ਉਕਤ ਕਾਨੂੰਗੋ ਉਸ (ਸ਼ਿਕਾਇਤਕਰਤਾ) ਤੋਂ ਰਾਸ਼ਟਰੀ ਰਾਜਮਾਰਗ ਦੇ ਨਿਰਮਾਣ ਲਈ ਐਕੁਆਇਰ ਕੀਤੀ ਜਮੀਨ ਦੇ ਮੁਆਵਜੇ ਨਾਲ ਸਬੰਧਤ ਫਾਈਲ ਨੂੰ ਕਲੀਅਰ ਕਰਨ ਦੇ ਇਵਜ਼ ’ਚ 2 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ।

ਇਸ ਸ਼ਿਕਾਇਤ ਦੀ ਪੜਤਾਲ ਕਰਨ ਤੋਂ ਬਾਅਦ ਲੁਧਿਆਣਾ ਰੇਂਜ ਦੀ ਆਰਥਿਕ ਅਪਰਾਧ ਸ਼ਾਖਾ ਦੀ ਵਿਜੀਲੈਂਸ ਟੀਮ ਨੇ ਦੋਸ਼ੀ ਕਾਨੂੰਗੋ ਨੂੰ ਮੌਕੇ ਤੋਂ ਪਹਿਲੀ ਕਿਸ਼ਤ ਵਜੋਂ 50,000 ਰੁਪਏ ਦੀ ਰਿਸ਼ਵਤ (Bribe) ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਅਤੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਉਕਤ ਦੋਸ਼ੀ ਕੋਲੋਂ ਰਿਸ਼ਵਤ ਤੇ ਪੈਸੇ ਬਰਾਮਦ ਵੀ ਕਰ ਲਏ ਗਏ ਹਨ। ਉਨਾਂ ਦੱਸਿਆ ਕਿ ਦੋਸ਼ੀ ਮਾਲ ਅਧਿਕਾਰੀ ਖਿਲਾਫ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Scroll to Top