ਵਿਜੀਲੈਂਸ ਬਿਊਰੋ ਨੇ ਸਹਿਕਾਰੀ ਵਿਭਾਗ ਦੇ ਸੁਪਰਡੈਂਟ ਨੂੰ 10,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ 4 ਜੂਨ 2025: ਪੰਜਾਬ ਵਿਜੀਲੈਂਸ ਬਿਊਰੋ (punjab Vigilance Bureau) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਮੁਹਿੰਮ ਤਹਿਤ ਮੰਗਲਵਾਰ ਨੂੰ ਐਸਏਐਸ ਨਗਰ ਜ਼ਿਲ੍ਹੇ ਦੇ ਡੇਰਾਬੱਸੀ ਵਿਖੇ ਪੰਜਾਬ ਸਹਿਕਾਰੀ ਸਭਾਵਾਂ ਦੇ ਸਹਾਇਕ ਰਜਿਸਟਰਾਰ (ਏਆਰ) ਦੇ ਦਫ਼ਤਰ ਵਿੱਚ ਤਾਇਨਾਤ ਸੁਪਰਡੈਂਟ ਗੁਰ ਆਜ਼ਾਦ ਸਿੰਘ ਨੂੰ 10,000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ।

ਵਿਜੀਲੈਂਸ ਬਿਊਰੋ (Vigilance Bureau) ਦੇ ਬੁਲਾਰੇ ਅਨੁਸਾਰ, ਡੇਰਾਬੱਸੀ ਦੇ ਪਿੰਡ ਛਛਰੌਲੀ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਸ਼ਿਕਾਇਤ ਤੋਂ ਬਾਅਦ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ। ਸ਼ਿਕਾਇਤਕਰਤਾ ਨੇ 2012 ਵਿੱਚ ਰਾਣੀ ਮਜ਼ਰਾ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸੇਵਾ ਸਭਾ ਤੋਂ 2 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਪਰ ਨਿਯਮਤ ਭੁਗਤਾਨ ਨਹੀਂ ਕਰ ਸਕਿਆ ਜਿਸ ਕਾਰਨ ਬਕਾਇਆ ਮੂਲ ਰਕਮ ਅਤੇ ਵਿਆਜ 3,16,632 ਰੁਪਏ ਹੋ ਗਿਆ। ਬਾਅਦ ਵਿੱਚ, ਸ਼ਿਕਾਇਤਕਰਤਾ ਨੇ ਇਸ ਸਾਲ 13 ਮਾਰਚ ਨੂੰ 4,14,500 ਰੁਪਏ ਦੇ ਸਾਰੇ ਬਕਾਏ ਅਦਾ ਕਰ ਦਿੱਤੇ ਅਤੇ ਸੁਸਾਇਟੀ ਤੋਂ ਪ੍ਰਵਾਨਗੀ ਵੀ ਪ੍ਰਾਪਤ ਕਰ ਲਈ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਇਸ ਦੇ ਬਾਵਜੂਦ ਦੋਸ਼ੀ ਸਹਾਇਕ ਰਜਿਸਟਰਾਰ ਤੋਂ ਜ਼ਰੂਰੀ ਪ੍ਰਵਾਨਗੀ ਲੈਣ ਅਤੇ ਜ਼ਮੀਨ ਨੂੰ ਗਿਰਵੀ ਰੱਖਣ ਤੋਂ ਮੁਕਤ ਕਰਵਾਉਣ ਲਈ ਉਸ ਤੋਂ 10,000 ਰੁਪਏ ਦੀ ਰਿਸ਼ਵਤ ਮੰਗ ਰਿਹਾ ਸੀ।

ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ, ਵਿਜੀਲੈਂਸ ਬਿਊਰੋ (Vigilance Bureau) ਦੀ ਫਲਾਇੰਗ ਸਕੁਐਡ ਟੀਮ ਨੇ ਜਾਲ ਵਿਛਾ ਕੇ ਦੋਸ਼ੀ ਨੂੰ ਉਸਦੇ ਦਫ਼ਤਰ ਵਿੱਚ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 10,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਵਿਜੀਲੈਂਸ ਬਿਊਰੋ ਦੀ ਟੀਮ ਨੇ ਮੌਕੇ ‘ਤੇ ਹੀ ਦੋਸ਼ੀ ਦੇ ਕਬਜ਼ੇ ਵਿੱਚੋਂ ਮਾਮਲੇ ਨਾਲ ਸਬੰਧਤ ਬਿਨਾਂ ਦਸਤਖਤ ਕੀਤੇ ਟਾਈਪ ਕੀਤੇ ਏ.ਆਰ. ਦੇ ਹੁਕਮ ਵੀ ਬਰਾਮਦ ਕਰ ਲਏ।

ਇਸ ਸਬੰਧ ਵਿੱਚ, ਉਕਤ ਅਧਿਕਾਰੀ ਵਿਰੁੱਧ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਵਿਜੀਲੈਂਸ ਬਿਊਰੋ, (Vigilance Bureau) ਫਲਾਇੰਗ ਸਕੁਐਡ-1 ਪੰਜਾਬ, ਐਸ.ਏ.ਐਸ. ਨਗਰ ਦੇ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Read More: ਵਿਜੀਲੈਂਸ ਬਿਊਰੋ ਦੇ ਫਲਾਇੰਗ ਸਕੁਐਡ ਨੇ ਚੌਕੀ ਇੰਚਾਰਜ SI ਨੂੰ ਰਿਸ਼ਵਤ ਲੈਂਦੇ ਕੀਤਾ ਰੰਗੇ ਹੱਥੀਂ ਕਾਬੂ 

Scroll to Top