ਚੰਡੀਗੜ੍ਹ 2 ਮਈ 2025: ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ, ਪੰਜਾਬ ਵਿਜੀਲੈਂਸ ਬਿਊਰੋ (punjab Vigilance Bureau) ਨੇ ਪਨਸਪ ਦੇ ਜਨਰਲ ਮੈਨੇਜਰ ਅਜੀਤ ਪਾਲ ਸਿੰਘ ਸੈਣੀ, ਜਿਨ੍ਹਾਂ ਕੋਲ ਖਰੀਦ, ਸਟੋਰੇਜ, ਵਪਾਰਕ, ਨਿਰਮਾਣ ਅਤੇ ਮੁੱਖ ਵਿਜੀਲੈਂਸ ਅਧਿਕਾਰੀ (ਸੀਵੀਓ) ਦਾ ਚਾਰਜ ਵੀ ਹੈ, ਨੂੰ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਇੱਥੇ ਇਹ ਜਾਣਕਾਰੀ ਦਿੰਦੇ ਹੋਏ, ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ ਫਿਰੋਜ਼ਪੁਰ (ferozpur) ਜ਼ਿਲ੍ਹੇ ਦੇ ਇੱਕ ਵਿਅਕਤੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ (Vigilance Bureau) ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਕਿ ਪਨਸਪ ਦਾ ਉਕਤ ਜਨਰਲ ਮੈਨੇਜਰ ਕੁੱਲ 1.25 ਕਰੋੜ ਰੁਪਏ ਦੀ ਗਬਨ ਰਾਸ਼ੀ ਦਾ 10 ਪ੍ਰਤੀਸ਼ਤ ਰਿਸ਼ਵਤ ਮੰਗ ਰਿਹਾ ਹੈ, ਜੋ ਕਿ ਕਥਿਤ ਜਾਅਲੀ ਖਰੀਦ ਤਹਿਤ ਦਿਖਾਈਆਂ ਗਈਆਂ 14090 ਝੋਨੇ ਦੀਆਂ ਬੋਰੀਆਂ ਦੀ ਕੀਮਤ ਹੈ, ਅਤੇ ਪਹਿਲੀ ਕਿਸ਼ਤ ਵਜੋਂ 2 ਲੱਖ ਰੁਪਏ ਦੀ ਮੰਗ ਕੀਤੀ ਹੈ। ਹਾਲਾਂਕਿ, ਗੱਲਬਾਤ ਤੋਂ ਬਾਅਦ ਸੌਦਾ 1 ਲੱਖ ਰੁਪਏ ਵਿੱਚ ਤੈਅ ਹੋ ਗਿਆ।
ਸ਼ਿਕਾਇਤਕਰਤਾ ਫਿਰੋਜ਼ਪੁਰ ਦੇ ਸ਼ਾਹਜ਼ਾਦੀ ਅਤੇ ਮਾਨਾ ਸਿੰਘ ਵਾਲਾ ਦੀਆਂ ਮੰਡੀਆਂ ਵਿੱਚ ਕਮਿਸ਼ਨ ਏਜੰਟ ਹੈ। ਸਾਲ 2024 ਵਿੱਚ ਪਨਸਪ ਵੱਲੋਂ ਝੋਨੇ ਦੀ ਖਰੀਦ ਦੌਰਾਨ, ਸਬੰਧਤ ਚੌਲ ਮਿੱਲਾਂ ਵਿੱਚ ਸਟਾਕ ਦੀ ਜਾਂਚ ਦੌਰਾਨ ਕੁੱਲ 34,250 ਝੋਨੇ ਦੀਆਂ ਬੋਰੀਆਂ ਦੀ ਘਾਟ ਪਾਈ ਗਈ।
ਸ਼ਿਕਾਇਤਕਰਤਾ ਦੀ (ਆੜ੍ਹਤੀਆ) ਫਰਮ ‘ਤੇ ਕੁੱਲ 34,250 ਬੋਰੀਆਂ ਝੋਨੇ ਦੀ ਜਾਅਲੀ ਖਰੀਦ ਦੀ ਰਿਪੋਰਟ ਕਰਨ ਦਾ ਦੋਸ਼ ਸੀ। ਇਸ ਤੋਂ ਬਾਅਦ, ਉਸਨੂੰ 2.97 ਕਰੋੜ ਰੁਪਏ ਦੀ ਘਾਟੇ ਵਾਲੀ ਰਕਮ ਜਮ੍ਹਾ ਕਰਨ ਦਾ ਨਿਰਦੇਸ਼ ਦਿੱਤਾ ਗਿਆ, ਜਿਸ ਤੋਂ ਬਾਅਦ, ਸ਼ਿਕਾਇਤਕਰਤਾ ਨੇ ਪਨਸਪ ਕੋਲ 2.50 ਕਰੋੜ ਰੁਪਏ ਵਸੂਲੀ ਵਜੋਂ ਜਮ੍ਹਾ ਕਰਵਾਏ।
ਅੰਤ ਵਿੱਚ, ਸ਼ਿਕਾਇਤਕਰਤਾ ਨੇ ਪਨਸਪ ਦੇ ਪ੍ਰਬੰਧ ਨਿਰਦੇਸ਼ਕ ਨੂੰ ਬੇਨਤੀ ਕੀਤੀ ਕਿ ਜ਼ਿਲ੍ਹਾ ਮੈਨੇਜਰ, ਫਿਰੋਜ਼ਪੁਰ ਅਤੇ ਪਨਸਪ ਫਿਰੋਜ਼ਪੁਰ ਦੇ ਇੰਸਪੈਕਟਰਾਂ ਦੁਆਰਾ ਲਗਭਗ 19040 ਝੋਨੇ ਦੀਆਂ ਬੋਰੀਆਂ ਦੇ ਗੇਟ ਪਾਸ ਔਨਲਾਈਨ ਪੋਰਟਲ (online posrtal) ਤੋਂ ਮਿਟਾ ਦਿੱਤੇ ਗਏ ਸਨ, ਜਿਸ ਕਾਰਨ ਉਸਨੂੰ ਇਹਨਾਂ ਬੋਰੀਆਂ ਲਈ ਗਲਤ ਜੁਰਮਾਨਾ ਲਗਾਇਆ ਗਿਆ ਸੀ। ਇਸ ਤੋਂ ਬਾਅਦ, ਦੋਸ਼ੀ ਅਜੀਤ ਪਾਲ ਸੈਣੀ, ਜੀਐਮ ਨੇ ਸ਼ਿਕਾਇਤਕਰਤਾ ਨਾਲ ਇੱਕ ਜਾਣਕਾਰ ਕੰਵਲ ਦੀਪ ਰਾਹੀਂ ਸੰਪਰਕ ਕੀਤਾ ਅਤੇ ਸ਼ਿਕਾਇਤਕਰਤਾ ਦੇ ਹੱਕ ਵਿੱਚ ਮਾਮਲਾ ਨਿਪਟਾਉਣ ਲਈ ਰਿਸ਼ਵਤ ਦੀ ਮੰਗ ਕੀਤੀ।