ਫਾਜ਼ਿਲਕਾ, 06 ਅਗਸਤ 2025: ਪੰਜਾਬ ਵਿਜੀਲੈਂਸ ਬਿਊਰੋ ਨੇ ਮੰਗਲਵਾਰ ਨੂੰ ਪੀਐਸਪੀਸੀਐਲ, ਜਲਾਲਾਬਾਦ (ਪੱਛਮੀ), ਜ਼ਿਲ੍ਹਾ ਫਾਜ਼ਿਲਕਾ ਵਿਖੇ ਤਾਇਨਾਤ ਜੂਨੀਅਰ ਇੰਜੀਨੀਅਰ ਬਲਵਿੰਦਰ ਸਿੰਘ ਨੂੰ 7000 ਰੁਪਏ ਰਿਸ਼ਵਤ ਲੈਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਹੈ।
ਇਸ ਸੰਬੰਧੀ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਨੇ ਸ਼ਿਕਾਇਤਕਰਤਾ ਸਲਵਿੰਦਰ ਸਿੰਘ, ਵਾਸੀ ਪਿੰਡ ਜਮਾਲਗੜ੍ਹ, ਤਹਿਸੀਲ ਜਲਾਲਾਬਾਦ ਤੋਂ ਰਿਸ਼ਵਤ ਮੰਗੀ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਮੁਲਜ਼ਮ ਨੇ ਉਸਦੀ ਜ਼ਮੀਨ ‘ਤੇ ਮੋਟਰ ਲਈ ਵੱਖਰਾ ਟ੍ਰਾਂਸਫਾਰਮਰ ਲਗਾਉਣ ਦੇ ਬਦਲੇ 10,000 ਰੁਪਏ ਰਿਸ਼ਵਤ ਮੰਗੀ ਸੀ।
ਵਿਜੀਲੈਂਸ ਦੀ ਜਾਂਚ ਦੌਰਾਨ ਪਾਇਆ ਗਿਆ ਕਿ ਉਕਤ ਜੂਨੀਅਰ ਇੰਜੀਨੀਅਰ ਨੇ 10,000 ਰੁਪਏ ਰਿਸ਼ਵਤ ਮੰਗੀ ਸੀ ਅਤੇ ਪਹਿਲੀ ਕਿਸ਼ਤ ਵਜੋਂ 3000 ਰੁਪਏ ਲਏ ਸਨ ਅਤੇ ਬਾਅਦ ‘ਚ ਉਸੇ ਕੰਮ ਲਈ 7000 ਰੁਪਏ ਰਿਸ਼ਵਤ ਵਜੋਂ ਮੰਗੇ ਸਨ। ਸ਼ਿਕਾਇਤਕਰਤਾ ਨੇ 7000 ਰੁਪਏ ਦੀ ਰਿਸ਼ਵਤ ਮੰਗਣ ਸੰਬੰਧੀ ਗੱਲਬਾਤ ਰਿਕਾਰਡ ਕੀਤੀ ਸੀ।
ਵਿਜੀਲੈਂਸ ਦੀ ਜਾਂਚ ਦੇ ਆਧਾਰ ‘ਤੇ ਮੁਲਜ਼ਮ ਜੂਨੀਅਰ ਇੰਜੀਨੀਅਰ ਵਿਰੁੱਧ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਸਨੂੰ ਅੱਜ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ।