ਵਿਜੀਲੈਂਸ ਬਿਊਰੋ

ਵਿਜੀਲੈਂਸ ਬਿਊਰੋ ਨੇ ਰਿਸ਼ਵਤ ਮਾਮਲੇ ‘ਚ ਜਲੰਧਰ ਦਾ ਸਬ-ਇੰਸਪੈਕਟਰ ਨੂੰ ਕੀਤਾ ਗ੍ਰਿਫ਼ਤਾਰ

ਜਲੰਧਰ 31 ਮਈ 2025: ਵਿਜੀਲੈਂਸ ਬਿਊਰੋ ਨੇ ਸੀਆਈਏ ਸਟਾਫ ਜਲੰਧਰ ਵਿਖੇ ਤਾਇਨਾਤ ਸਬ-ਇੰਸਪੈਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਸੁਖਰਾਜ ਸਿੰਘ ਨੂੰ ਵਿਜੀਲੈਂਸ ਨੇ 30,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਵਿਜੀਲੈਂਸ ਬਿਊਰੋ ਨੇ ਦੱਸਿਆ ਕਿ ਉਕਤ ਪੁਲਿਸ ਅਧਿਕਾਰੀ ਨੂੰ ਪਿੰਡ ਸੈਦਪੁਰ ਕਲਾਂ, ਤਹਿਸੀਲ ਅਜਨਾਲਾ, ਅੰਮ੍ਰਿਤਸਰ ਦੇ ਇੱਕ ਨਿਵਾਸੀ, ਜਿਸਦੀ ਰੈਡੀਮੇਡ ਕੱਪੜਿਆਂ ਦੀ ਦੁਕਾਨ ਹੈ, ਉਸਦੀ ਦੀ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਸ਼ਿਕਾਇਤਕਰਤਾ ਮੁਤਾਬਕ ਐਸ.ਆਈ. ਸੁਖਰਾਜ ਸਿੰਘ ਨੇ ਸ਼ਿਕਾਇਤਕਰਤਾ ਦੇ ਜਵਾਈ ਨੂੰ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21 ਦੇ ਤਹਿਤ 403 ਗ੍ਰਾਮ ਹੈਰੋਇਨ ਨਾਲ ਸਬੰਧਤ ਇੱਕ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਸੀ ਜਦੋਂ ਉਹ 18 ਮਈ, 2025 ਨੂੰ ਜਲੰਧਰ ਤੋਂ ਤਰਪਾਲਾਂ ਖਰੀਦਣ ਆਇਆ ਸੀ। ਇਹ ਮਾਮਲਾ ਥਾਣਾ ਡਿਵੀਜ਼ਨ ਨੰਬਰ 1 ਵਿਖੇ ਦਰਜ ਹੈ।

ਪੁਲਿਸ ਰਿਮਾਂਡ ਦੀ ਮਿਆਦ ਦੌਰਾਨ, ਉਕਤ ਐਸ.ਆਈ. ਨੇ ਸ਼ਿਕਾਇਤਕਰਤਾ ਨੂੰ ਦੱਸਿਆ ਕਿ ਉਸ ਕੋਲ ਉਸਦੇ ਜਵਾਈ ਦੀ ਕਾਰ ਅਤੇ ਦੋ ਮੋਬਾਈਲ ਫੋਨ ਹਨ, ਜੋ ਕਿ ਅਜੇ ਤੱਕ ਕੇਸ ਪ੍ਰਾਪਰਟੀ ਵਜੋਂ ਸੂਚੀਬੱਧ ਨਹੀਂ ਸਨ, ਅਤੇ ਸਾਮਾਨ ਵਾਪਸ ਕਰਨ ਦਾ ਭਰੋਸਾ ਦਿੱਤਾ।

ਜਦੋਂ ਸ਼ਿਕਾਇਤਕਰਤਾ ਸਾਮਾਨ ਲੈਣ ਲਈ ਥਾਣੇ ਗਿਆ, ਤਾਂ ਐਸ.ਆਈ. ਨੇ ਕਾਰ ਅਤੇ ਮੋਬਾਈਲ ਫੋਨ ਵਾਪਸ ਦੇਣ ਲਈ 50 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ। ਗੱਲਬਾਤ ਤੋਂ ਬਾਅਦ, ਉਹ 30,000 ਰੁਪਏ ਲਈ ਸਹਿਮਤ ਹੋ ਗਿਆ। ਸ਼ਿਕਾਇਤਕਰਤਾ ਨੇ ਪੂਰੀ ਗੱਲਬਾਤ ਰਿਕਾਰਡ ਕੀਤੀ।

ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ‘ਚ ਉਕਤ ਐਸ.ਆਈ. ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਸ਼ਿਕਾਇਤਕਰਤਾ ਤੋਂ 30,000 ਰੁਪਏ ਦੀ ਰਿਸ਼ਵਤ ਲਈ ਗਈ। ਉਕਤ ਮੁਲਜ਼ਮ ਵਿਰੁੱਧ ਵਿਜੀਲੈਂਸ ਬਿਊਰੋ ਦੇ ਪੁਲਿਸ ਸਟੇਸ਼ਨ, ਜਲੰਧਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ|

Read More: ਵਿਜੀਲੈਂਸ ਬਿਊਰੋ ਨੇ ਸਹਾਇਕ ਟਾਊਨ ਪਲੈਨਰ ​​ਨੂੰ 10,000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਕਾਬੂ

Scroll to Top