ਚੰਡੀਗੜ੍ਹ, 14 ਜੂਨ, 2024: ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਈ.ਐਸ.ਆਈ.ਸੀ. ਡਿਸਪੈਂਸਰੀ, ਫੋਕਲ ਪੁਆਇੰਟ, ਲੁਧਿਆਣਾ ਦੇ ਬ੍ਰਾਂਚ ਮੈਨੇਜਰ ਅਨਿਲ ਕੁਮਾਰ ਕਥੂਰੀਆ ਨੂੰ 10,000 ਰੁਪਏ ਰਿਸ਼ਵਤ (Bribe) ਮੰਗਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟੇਟ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਵਿਰੁੱਧ ਇਹ ਮਾਮਲਾ ਢੰਡਾਰੀ ਖੁਰਦ, ਲੁਧਿਆਣਾ ਸਿਟੀ ਦੇ ਵਸਨੀਕ ਅਨੁਜ ਕੁਮਾਰ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ।
ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਸਦੇ ਦੋਸਤ ਦੀ ਪਤਨੀ ਨੂੰ ਪੈਨਸ਼ਨ ਜਾਰੀ ਕਰਾਉਣ ਬਦਲੇ ਈ.ਐਸ.ਆਈ.ਸੀ. ਲੁਧਿਆਣਾ ਦੇ ਉਕਤ ਬ੍ਰਾਂਚ ਮੈਨੇਜਰ ਨੇ 10,000 ਰੁਪਏ ਰਿਸ਼ਵਤ (Bribe) ਦੀ ਮੰਗ ਕੀਤੀ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਪੜਤਾਲ ਦੌਰਾਨ ਸ਼ਿਕਾਇਤਕਰਤਾ ਵੱਲੋਂ ਲਾਏ ਗਏ ਦੋਸ਼ ਸਹੀ ਪਾਏ ਗਏ ਕਿਉਂਕਿ ਜ਼ੁਬਾਨੀ ਸਬੂਤਾਂ ਦੇ ਨਾਲ-ਨਾਲ ਸ਼ਿਕਾਇਤਕਰਤਾ ਤੇ ਮੁਲਜ਼ਮ ਦਰਮਿਆਨ ਹੋਈ ਗੱਲਬਾਤ ਦੀ ਰਿਕਾਰਡਿੰਗ ਤੋਂ ਇਸ ਦਾ ਸਬੂਤ ਮਿਲਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਕਤ ਮੁਲਜ਼ਮ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਭਲਕੇ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।