Vigilance Bureau

ਵਿਜੀਲੈਂਸ ਬਿਊਰੋ ਵੱਲੋਂ ਨਸ਼ਾ ਛੁਡਾਊ ਕੇਂਦਰਾਂ ਦਾ ਮਾਲਕ ਗ੍ਰਿਫਤਾਰ, ਦਵਾਈਆਂ ਦੀ ਦੁਰਵਰਤੋਂ ਦੇ ਲੱਗੇ ਦੋਸ਼

ਚੰਡੀਗੜ੍ਹ, 1 ਜਨਵਰੀ 2025: ਪੰਜਾਬ ਵਿਜੀਲੈਂਸ ਬਿਓਰੋ (Vigilance Bureau) ਨੇ ਡਾ: ਅਮਿਤ ਬਾਂਸਲ ਪੁੱਤਰ ਸੁਭਾਸ਼ ਬਾਂਸਲ ਵਾਸੀ ਮਕਾਨ ਨੰਬਰ 141, ਸੈਕਟਰ 28-ਏ, ਚੰਡੀਗੜ੍ਹ ਨੂੰ ਵੱਖ-ਵੱਖ ਹਿੱਸਿਆਂ ‘ਚ ਚਲਾਏ ਜਾ ਰਹੇ 22 ਨਸ਼ਾ ਛੁਡਾਊ ਕੇਂਦਰਾਂ ‘ਚ ਨਸ਼ਾ ਛੁਡਾਉਣ ਵਾਲੀਆਂ ਦਵਾਈਆਂ ਦੀ ਦੁਰਵਰਤੋਂ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ‘ਚ ਡਰੱਗ ਇੰਸਪੈਕਟਰ ਲੁਧਿਆਣਾ ਰੂਪਪ੍ਰੀਤ ਕੌਰ ਨੂੰ ਵੀ ਸਹਿ-ਦੋਸ਼ੀ ਬਣਾਇਆ ਗਿਆ ਹੈ, ਜਿਸ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਵਿਜੀਲੈਂਸ ਨੇ ਦੋਵਾਂ ਮੁਲਜ਼ਮਾਂ ਖਿਲਾਫ਼ ਮੋਹਾਲੀ ਵਿਖੇ ਦੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ ਅਤੇ ਆਈ.ਪੀ.ਸੀ. ਦੀ ਧਾਰਾ 120-ਬੀ ਤਹਿਤ ਐਫ.ਆਈ.ਆਰ. ਦਰਜ ਕੀਤੀ ਹੈ | ਉਨ੍ਹਾਂ ਦੱਸਿਆ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਡਾ: ਅਮਿਤ ਬਾਂਸਲ ਵਲੋਂ ਪੰਜਾਬ ‘ਚ 22 ਦੇ ਕਰੀਬ ਨਸ਼ਾ ਛੁਡਾਊ ਕੇਂਦਰ ਚਲਾਏ ਜਾ ਰਹੇ ਹਨ, ਜਿੱਥੇ ਨਸ਼ੇ ਦੇ ਆਦੀ ਮਰੀਜ਼ਾਂ ਨੂੰ ਇਲਾਜ ਲਈ ਐਡਨੋਕ-ਐਨ 0.4 ਅਤੇ ਐਡਨੋਕ-ਐਨ 2.0 (ਬਿਊਪ੍ਰੇਨੋਰਫਾਈਨ ਅਤੇ ਨਲੋਕਸੋਨ) ਦੀਆਂ ਗੋਲੀਆਂ ਮੁਹੱਈਆ ਕਰਵਾਈ ਜਾਂਦੀਆਂ ਹਨ |

ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਡਾ: ਅਮਿਤ ਬਾਂਸਲ ਵੱਲੋਂ ਚਲਾਏ ਜਾ ਰਹੇ ਇਨ੍ਹਾਂ ਨਸ਼ਾ ਛੁਡਾਊ ਕੇਂਦਰਾਂ ‘ਚ ਉਕਤ ਗੋਲੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਸੀ ਅਤੇ ਇਹ ਗੋਲੀਆਂ ਬਾਜ਼ਾਰ ‘ਚ ਅਜਿਹੇ ਵਿਅਕਤੀਆਂ ਅਤੇ ਨਸ਼ੇੜੀਆਂ ਨੂੰ ਵੇਚੀਆਂ ਜਾ ਰਹੀਆਂ ਸਨ, ਜਿਨ੍ਹਾਂ ਦਾ ਨਾਂਅ ਇਨ੍ਹਾਂ ਨਸ਼ਾ ਛੁਡਾਊ ਕੇਂਦਰਾਂ ਦੀ ਸੂਚੀ ‘ਚ ਸ਼ਾਮਲ ਨਹੀਂ ਸੀ |

ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਡਾ.ਅਮਿਤ ਬਾਂਸਲ ਦੇ ਲੁਧਿਆਣਾ ਸਥਿਤ ਸਿਮਰਨ ਹਸਪਤਾਲ/ਨਸ਼ਾ ਛੁਡਾਊ ਕੇਂਦਰ ਦੇ ਮੁਲਾਜ਼ਮਾਂ ਵਿਦੰਤ ਅਤੇ ਕਮਲਜੀਤ ਸਿੰਘ ਖਿਲਾਫ ਥਾਣਾ ਫੇਜ਼-4, ਮੋਹਾਲੀ ਵਿਖੇ ਮੁਕੱਦਮਾ ਨੰਬਰ 242 ਦਰਜ ਕੀਤਾ ਗਿਆ ਸੀ |

ਇਨ੍ਹਾਂ ਮੁਲਾਜ਼ਮਾਂ ਵੱਲੋਂ ਦਿੱਤੇ ਇਕਬਾਲੀਆ ਬਿਆਨਾਂ ਦੇ ਆਧਾਰ ‘ਤੇ ਇਨ੍ਹਾਂ ਕੋਲੋਂ ਕਰੀਬ 23000 ਨਸ਼ੀਲੀਆਂ ਗੋਲੀਆਂ ਅਤੇ 90000 ਰੁਪਏ ਡਰੱਗ ਮਨੀ ਬਰਾਮਦ ਕੀਤੇ ਹਨ। ਜ਼ਿਕਰਯੋਗ ਹੈ ਕਿ ਇਸੇ ਦਿਨ ਐੱਸ.ਟੀ.ਐੱਫ. ਡਰੱਗ ਇੰਸਪੈਕਟਰ ਰੂਪਪ੍ਰੀਤ ਕੌਰ ਦੀ ਟੀਮ ਨੇ ਉਕਤ ਸਿਮਰਨ ਨਸ਼ਾ ਛੁਡਾਊ ਕੇਂਦਰ ਦੀ ਜਾਂਚ ਕੀਤੀ, ਜਿੱਥੇ ਰਿਕਾਰਡ ਅਨੁਸਾਰ 4610 ਗੋਲੀਆਂ ਘੱਟ ਪਾਈਆਂ ਗਈਆਂ।

ਵਿਜੀਲੈਂਸ ਨੇ ਦੱਸਿਆ ਕਿ ਇਸ ਜਾਂਚ ਤੋਂ ਬਾਅਦ ਨਿਰੀਖਣ ਟੀਮ ਦੇ ਦਸਤਖਤਾਂ ਹੇਠ ਰਿਪੋਰਟ ਤਿਆਰ ਕੀਤੀ ਸੀ ਪਰ ਉਕਤ ਡਰੱਗ ਇੰਸਪੈਕਟਰ ਰੂਪਪ੍ਰੀਤ ਕੌਰ ਨੇ ਇੱਕ ਵੱਖਰੀ ਰਿਪੋਰਟ ਡਾਇਰੈਕਟਰ, ਸਿਹਤ ਤੇ ਪਰਿਵਾਰ ਭਲਾਈ ਪੰਜਾਬ ਨੂੰ ਭੇਜ ਦਿੱਤੀ, ਜਿਸ ‘ਚ ਉਨ੍ਹਾਂ ਦੀ ਮਿਲੀਭੁਗਤ ਨਾਲ ਡਾ. ਅਮਿਤ ਬਾਂਸਲ ਨੇ 610 ਗੋਲੀਆਂ ਦੀ ਘਾਟ ਸਬੰਧੀ ਕਾਨੂੰਨੀ ਕਾਰਵਾਈ ਤੋਂ ਬਚਣ ਲਈ 4610 ਗੋਲੀਆਂ ਦੀ ਬਜਾਏ 4000 ਗੋਲੀਆਂ ਦੀ ਘਾਟ ਦਾ ਜ਼ਿਕਰ ਕੀਤਾ, ਜਿਸ ਤੋਂ ਸਪੱਸ਼ਟ ਤੌਰ ‘ਤੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਅਤੇ ਭ੍ਰਿਸ਼ਟਾਚਾਰ ਦਾ ਪਤਾ ਲੱਗਦਾ ਹੈ।

ਜ਼ਿਕਰਯੋਗ ਹੈ ਕਿ ਡਾ: ਬਾਂਸਲ ਦੇ ਸਹਿਜ ਹਸਪਤਾਲ ਨਕੋਦਰ ਦੇ ਇਕ ਹੋਰ ਨਸ਼ਾ ਛੁਡਾਊ ਕੇਂਦਰ ਦੀ ਵੀਡੀਓ ਕਿਸੇ ਵਿਅਕਤੀ ਵੱਲੋਂ ਵਾਇਰਲ ਕੀਤੀ ਗਈ ਸੀ, ਜਿਸ ਦਾ ਤਤਕਾਲੀ ਡਿਪਟੀ ਕਮਿਸ਼ਨਰ ਜਲੰਧਰ ਨੇ ਤੁਰੰਤ ਨੋਟਿਸ ਲੈਂਦਿਆਂ ਥਾਣਾ ਸਿਟੀ ਨਕੋਦਰ ‘ਚ ਇਸ ਸਬੰਧੀ ਐਫ.ਆਈ.ਆਰ. ਨੰ: 64 ਮਿਤੀ 08.06.2024 ਦਰਜ ਕੀਤਾ ਗਿਆ ਸੀ। ਉਕਤ ਸਹਿਜ ਨਸ਼ਾ ਛੁਡਾਊ ਕੇਂਦਰ ਦੇ ਨਿਰੀਖਣ ਦੌਰਾਨ ਨਿਰੀਖਣ ਕਮੇਟੀ ਵੱਲੋਂ ਐਡਨੋਕ-ਐਨ ਦੀਆਂ ਲਗਭਗ 144,000 ਗੋਲੀਆਂ ਦੀ ਕਮੀ ਪਾਈ ਗਈ।

ਤਤਕਾਲੀ ਡਿਪਟੀ ਕਮਿਸ਼ਨਰ ਜਲੰਧਰ ਨੇ ਉਕਤ ਹਸਪਤਾਲ/ਨਸ਼ਾ ਛੁਡਾਊ ਕੇਂਦਰ ਦੇ ਆਨਲਾਈਨ ਪੋਰਟਲ ਨੂੰ ਫ੍ਰੀਜ਼ ਕਰਨ ਅਤੇ ਜਾਂਚ ਪੂਰੀ ਹੋਣ ਤੱਕ ਇਸ ਦਾ ਲਾਇਸੈਂਸ ਮੁਅੱਤਲ ਕਰਨ ਦੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ ਡਾ: ਅਮਿਤ ਬਾਂਸਲ ਨੇ ਸਿਹਤ ਤੇ ਪਰਿਵਾਰ ਭਲਾਈ ਡਾਇਰੈਕਟੋਰੇਟ ਪੰਜਾਬ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲ ਕੇ ਮਾਮਲੇ ਨੂੰ ਦਬਾ ਦਿੱਤਾ।

ਇਹ ਵੀ ਜਾਣਕਾਰੀ ਮਿਲੀ ਹੈ ਕਿ ਡਾ: ਅਮਿਤ ਬਾਂਸਲ ਦੀ ਮਲਕੀਅਤ ਵਾਲੇ ਇੱਕ ਹੋਰ ਆਦਰਸ਼ ਹਸਪਤਾਲ/ਨਸ਼ਾ ਛੁਡਾਊ ਕੇਂਦਰ ਪਟਿਆਲਾ ਦੇ ਮੁਲਾਜ਼ਮਾਂ ਵਿਰੁੱਧ ਥਾਣਾ ਅਨਾਜ ਮੰਡੀ, ਪਟਿਆਲਾ ਵਿਖੇ ਇੱਕ ਵੱਖਰਾ ਮੁਕੱਦਮਾ ਨੰਬਰ ਦਰਜ ਕੀਤਾ ਹੈ।

ਵਿਜੀਲੈਂਸ ਬਿਊਰੋ (Vigilance Bureau) ਦੇ ਫਲਾਇੰਗ ਸਕੁਐਡ-1 ਨੇ ਮੁਲਜ਼ਮ ਡਾ: ਅਮਿਤ ਬਾਂਸਲ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਨਸ਼ਾ ਛੁਡਾਊ ਕੇਂਦਰਾਂ ‘ਚ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਇਸ ਸਮੁੱਚੇ ਗਠਜੋੜ ‘ਚ ਸ਼ਾਮਲ ਹੋਰ ਕਰਮਚਾਰੀਆਂ/ਆਮ ਵਿਅਕਤੀਆਂ ਦੀ ਭੂਮਿਕਾ ਦਾ ਪਤਾ ਲਗਾਉਣ ਲਈ ਇਹ ਜਾਂਚ ਕੀਤੀ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Read More: ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 37ਵੇਂ ਦਿਨ ਜਾਰੀ, ਕਿਸਾਨਾਂ ਜਥੇਬੰਦੀਆਂ ਨੇ ਬੈਠਕ ‘ਚ ਲਏ ਅਹਿਮ ਫੈਸਲੇ

Scroll to Top