ਚੰਡੀਗੜ੍ਹ 02 ਜੁਲਾਈ, 2024: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ-5 ਦੇ ਸਬ ਇੰਸਪੈਕਟਰ ਚਰਨਜੀਤ ਸਿੰਘ ਨੂੰ ਦੋ ਲੱਖ 70 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਅਤੇ ਪ੍ਰਾਪਤ ਕਰਨ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਹੈ | ਵਿਜੀਲੈਂਸ ਦੇ ਮੁਤਾਬਕ ਜਵਾਹਰ ਨਗਰ ਕੈਂਪ ਦੇ ਤਾਜ ਹੋਟਲ ਦੇ ਮਾਲਕ ਕਮਲਜੀਤ ਅਹੂਜਾ ਦੀ ਸ਼ਿਕਾਇਤ ‘ਤੇ ਇਹ ਕਾਰਵਾਈ ਕੀਤੀ ਹੈ |
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਥਾਣੇ ‘ਚ ਉਨ੍ਹਾਂ ਅਤੇ ਪਰਿਵਾਰ ਖਿਲਾਫ਼ ਦਰਜ ਮਾਮਲੇ ‘ਚ IPC ਧਾਰਾ 307, 379-ਬੀ ਜੋੜਨ ਦੀਆਂ ਧਮਕੀਆਂ ਦੇ ਕੇ ਦੋ ਲੱਖ 70 ਹਜ਼ਾਰ ਰੁਪਏ ਦੀ ਰਿਸ਼ਵਤ ਵਜੋਂ ਲਏ ਅਤੇ ਹੋਟਲ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਚਲਾਉਣ ਲਈ ਦੋ ਲੱਖ ਰੁਪਏ ਪ੍ਰਤੀ ਮਹੀਨਾ ਰਿਸ਼ਵਤ ਦੇਣ ਦੀ ਗੱਲ ਆਖੀ | ਸ਼ਿਕਾਇਤਕਰਤਾ ਦੀ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਵਿਜੀਲੈਂਸ (Vigilance Bureau) ਨੇ ਪਾਇਆ ਕਿ ਉਕਤ ਪੁਲਿਸ ਮੁਲਾਜਮ ਨੇ ਦੋ ਲੱਖ 70 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਹੈ | ਵਿਜੀਲੈਂਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |