ANTF

ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਮਾਮਲੇ ‘ਚ 5 ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲਾ ਪਟਵਾਰੀ ਗ੍ਰਿਫਤਾਰ

ਚੰਡੀਗੜ੍ਹ, 11 ਸਤੰਬਰ, 2024: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਪਟਵਾਰੀ ਨੂੰ 5 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ | ਗ੍ਰਿਫਤਾਰ ਪਟਵਾਰੀ (ਹੁਣ ਕਾਨੂੰਗੋ) ਕੁਲਦੀਪ ਸਿੰਘ ਰੂਪਨਗਰ ਜ਼ਿਲ੍ਹੇ ਦੇ ਮਾਲ ਸਰਕਲ ਡੂਮੇਵਾਲ, ਤਹਿਸੀਲ ਨੰਗਲ ਵਿਖੇ ਤਾਇਨਾਤ ਹੈ |

ਵਿਜੀਲੈਂਸ ਨੇ ਥਾਣਾ ਨੂਰਪੁਰਬੇਦੀ ‘ਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7ਏ, 8, 13 ਅਤੇ ਆਈਪੀਸੀ ਦੀ ਧਾਰਾ 420, 465, 467, 468, 471, 120-ਬੀ ਤਹਿਤ ਪਹਿਲਾਂ ਹੀ ਮੁਕੱਦਮਾ ਨੰਬਰ 69, ਮਿਤੀ 28 ਜੂਨ 2022 ਤਹਿਤ ਕੇਸ ਦਰਜ ਕੀਤਾ ਹੈ।

ਵਿਜੀਲੈਂਸ (Vigilance Bureau) ਮੁਤਾਬਕ ਸਾਲ 2020 ‘ਚ ਰਾਜ ਦੇ ਮਾਲ ਵਿਭਾਗ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨੇ ਹੋਰ ਵਿਅਕਤੀਆਂ ਦੀ ਮਿਲੀਭੁਗਤ ਨਾਲ ਤਹਿਸੀਲ ਨੂਰਪੁਰਬੇਦੀ ਦੇ ਪਿੰਡ ਕਰੂਰਾਂ ਦੀ 54 ਏਕੜ ਦੀ ਜ਼ਮੀਨ ਮਹਿੰਗੇ ਭਾਅ ‘ਤੇ ਜੰਗਲਾਤ ਵਿਭਾਗ ਦੇ ਨਾਂ ‘ਤੇ ਰਜਿਸਟਰੀ ਕਰਵਾਈ ਸੀ, ਜਿਸ ਕਰਕੇ ਪੰਜਾਬ ਸਰਕਾਰ ਨੂੰ 5.35 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ |

ਵਿਜੀਲੈਂਸ ਮੁਤਾਬਕ ਉਕਤ ਪਟਵਾਰੀ ਕੁਲਦੀਪ ਸਿੰਘ ਨੇ ਹੋਰ ਵਿਅਕਤੀਆਂ ਨਾਲ ਮਿਲੀਭੁਗਤ ਕਰਕੇ ਜ਼ਮੀਨ ਦਾ ਇਹ ਗੈਰ-ਕਾਨੂੰਨੀ/ਫ਼ਰਜੀ ਤਬਾਦਲਾ ਦਰਜ ਕਰਵਾਇਆ ਸੀ | ਉਸ ਸਮੇਂ ਦੇ ਨਾਇਬ-ਤਹਿਸੀਲਦਾਰ ਰਘਵੀਰ ਸਿੰਘ ਦੀ ਮਿਲੀਭੁਗਤ ਨਾਲ 73 ਫਰਜ਼ੀ ਇੰਤਕਾਲ ਅਤੇ ਤਬਾਦਲੇ ਮਨਜ਼ੂਰ ਕਰਵਾਏ ਗਏ। ਜਾਂਚ ‘ਚ ਪਾਇਆ ਗਿਆ ਕਿ ਉਕਤ ਮੁਲਜ਼ਮ ਨੇ ਇਸ ਕੰਮ ਬਦਲੇ 15.ਸਤੰਬਰ 2020 ਨੂੰ ਰਿਸ਼ਵਤ ਵਜੋਂ 5 ਲੱਖ ਰੁਪਏ ਲਏ ਸਨ ਅਤੇ ਆਪਣੀ ਘਰਵਾਲੀ ਸਨਪ੍ਰੀਤ ਸੇਖੋਂ ਦੇ ਅੰਮ੍ਰਿਤਸਰ ਸਥਿਤ ਇੱਕ ਪੁਰਾਣੇ ਬੈਂਕ ਖਾਤੇ ‘ਚ ਜਮ੍ਹਾਂ ਕਰਵਾ ਦਿੱਤੇ ਸਨ। ਉਕਤ ਮੁਲਜ਼ਮ ਪਟਵਾਰੀ ਨੂੰ ਹੁਣ ਭਲਕੇ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Scroll to Top