ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ‘ਚ ਵਿਜੀਲੈਂਸ ਵੱਲੋਂ ਸਾਬਕਾ ਵਿਧਾਇਕ ਸਤਿਕਾਰ ਕੌਰ ਗਹਿਰੀ ਤੇ ਉਸਦਾ ਪਤੀ ਗ੍ਰਿਫਤਾਰ

ਚੰਡੀਗੜ੍ਹ, 18 ਸਤੰਬਰ 2023 : ਪੰਜਾਬ ਵਿਜੀਲੈਂਸ ਬਿਊਰੋ ਨੇ ਸੋਮਵਾਰ ਨੂੰ ਫਿਰੋਜ਼ਪੁਰ ਦਿਹਾਤੀ ਤੋਂ ਸਾਬਕਾ ਵਿਧਾਇਕ ਸਤਿਕਾਰ ਕੌਰ ਗਹਿਰੀ (Satkar Kaur Gehri) ਅਤੇ ਉਨ੍ਹਾਂ ਦੇ ਪਤੀ ਜਸਮੇਲ ਸਿੰਘ ਗਹਿਰੀ ਵਾਸੀ ਪਿੰਡ ਸ਼ਕੂਰ, ਜ਼ਿਲ੍ਹਾ ਫਿਰੋਜ਼ਪੁਰ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਵਿਜੀਲੈਂਸ ਜਾਂਚ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਕੇਸ ਦੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਸਾਬਕਾ ਵਿਧਾਇਕਾ (Satkar Kaur Gehri) ਨੇ ਆਪਣੇ ਪਤੀ ਦੀ ਮਿਲੀਭੁਗਤ ਨਾਲ ਵਿਧਾਨ ਸਭਾ ਦੇ ਮੈਂਬਰ ਵਜੋਂ ਆਪਣੇ ਕਾਰਜਕਾਲ ਦੌਰਾਨ ਆਮਦਨੀ ਦੇ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਇਕੱਠੀ ਕੀਤੀ।

ਵਿਜੀਲੈਂਸ ਬਿਊਰੋ ਦੇ ਮੁਤਾਬਕ ਇਸ ਜਾਂਚ ਲਈ ਮਿਥੀ ਮਿਆਦ ਦੇ ਦੌਰਾਨ, ਸਾਰੇ ਸਰੋਤਾਂ ਤੋਂ ਉਸਦੀ ਕੁੱਲ ਆਮਦਨ 1,65,34,053 ਰੁਪਏ ਸੀ, ਜਦੋਂ ਕਿ ਉਸੇ ਸਮੇਂ ਦੌਰਾਨ ਉਸਦੇ ਕੁੱਲ ਖਰਚੇ 4,49,19,831 ਰੁਪਏ ਸਨ। ਸਿੱਟੇ ਵਜੋਂ, ਉਹਨਾਂ ਨੇ 2,83,85,778.41 ਰੁਪਏ ਵੱਧ ਖਰਚੇ, ਜੋ ਕਿ 171.68% ਫੀਸਦ ਵਜੋਂ ਅਸਪਸ਼ਟ ਵਾਧੇ ਨੂੰ ਦਰਸਾਉਂਦਾ ਹੈ।

ਬੁਲਾਰੇ ਨੇ ਇਹ ਵੀ ਦੱਸਿਆ ਕਿ ਦੋਵਾਂ ਵਿਅਕਤੀਆਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) ਤੇ 13(ਬੀ) ਅਤੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 120-ਬੀ ਤਹਿਤ ਫਿਰੋਜ਼ਪੁਰ ਦੇ ਵਿਜੀਲੈਂਸ ਬਿਊਰੋ ਪੁਲਿਸ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Scroll to Top