ਚੰਡੀਗੜ੍ਹ, 11 ਨਵੰਬਰ 2024: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਜ਼ਿਲ੍ਹਾ ਨਿਆਂਇਕ ਕੰਪਲੈਕਸ ਦੀ ਉਸਾਰੀ ਲਈ ਸਰਕਾਰੀ ਫੰਡਾਂ ‘ਚ ਗਬਨ ਦੇ ਦੋਸ਼ ਹੇਠ ਠੇਕੇਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ | ਵਿਜੀਲੈਂਸ ਮੁਤਾਬਕ ਉਕਤ ਮੁਲਜ਼ਮ ਠੇਕੇਦਾਰ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਫਰਾਰ ਸੀ।
ਦਰਅਸਲ, ਐਸ.ਬੀ.ਐਸ. ਨਗਰ ਵਿਖੇ ਜ਼ਿਲ੍ਹਾ ਨਿਆਂਇਕ ਕੰਪਲੈਕਸ ਦੀ ਉਸਾਰੀ ਲਈ ਅਲਾਟ ਕੀਤੇ ਸਰਕਾਰੀ ਫੰਡਾਂ ‘ਚ ਗਬਨ ਦੇ ਦੋਸ਼ ਹੇਠ ਮੈਸਰਜ਼ ਤੁੰਗ ਬਿਲਡਰਜ਼ ਪ੍ਰਾਈਵੇਟ ਲਿਮਟਿਡ, ਗੁਰਦਾਸਪੁਰ ਦੇ ਮੈਨੇਜਿੰਗ ਡਾਇਰੈਕਟਰ ਲਖਵਿੰਦਰ ਸਿੰਘ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਹੈ |
ਉਕਤ ਮੁਲਜ਼ਮ ਠੇਕੇਦਾਰ ਗੁਰਦਾਸਪੁਰ ਦੇ ਪਿੰਡ ਤੁੰਗ ਦਾ ਰਹਿਣ ਵਾਲਾ ਹੈ |
ਮਾਮਲੇ ਬਾਰੇ ਵਿਜੀਲੈਂਸ ਬਿਊਰੋ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ (PWD) ਵੱਲੋਂ ਐੱਸ.ਬੀ.ਐੱਸ. ਨਗਰ ‘ਚ ਜੁਡੀਸ਼ੀਅਲ ਕੰਪਲੈਕਸ ਦੀ ਉਸਾਰੀ ਲਈ ਸਾਲ 2017 ‘ਚ ਟੈਂਡਰ ਜਾਰੀ ਕੀਤੇ ਸਨ ਅਤੇ ਇਹ ਟੈਂਡਰ 03 ਅਗਸਤ 2017 ਨੂੰ ਤੁੰਗ ਬਿਲਡਰਜ਼ ਪ੍ਰਾਈਵੇਟ ਲਿਮਟਿਡ, ਗੁਰਦਾਸਪੁਰ ਨੂੰ ਅਲਾਟ ਕੀਤਾ ਸੀ।
ਵਿਜੀਲੈਂਸ (Vigilance Bureau) ਮੁਤਾਬਕ ਇਸ ਪ੍ਰਾਜੈਕਟ ਨੂੰ 35,19,18,620 ਰੁਪਏ ਦੀ ਲਾਗਤ ਨਾਲ 18 ਮਹੀਨਿਆਂ ‘ਚ ਮੁਕੰਮਲ ਕੀਤਾ ਜਾਣਾ ਸੀ। ਇਸਦੇ ਨਾਲ ਹੀ ਬਾਅਦ ‘ਚ PWD ਨੇ ਕੰਪਲੈਕਸ ਦੇ ਅੰਦਰ ਜੱਜਾਂ ਲਈ ਪਾਰਕਿੰਗ ਅਤੇ ਰਿਹਾਇਸ਼ੀ ਕੁਆਰਟਰਾਂ ਦੀ ਉਸਾਰੀ ਨੂੰ ਸ਼ਾਮਲ ਕਰਨ ਲਈ ਪ੍ਰੋਜੈਕਟ ਦੇ ਦਾਇਰੇ ਦਾ ਵਿਸਤਾਰ ਕੀਤਾ ਸੀ, ਜਿਸ ਨਾਲ ਇਸਦੀ ਕੁੱਲ ਲਾਗਤ 65,91,47,000 ਰੁਪਏ ਹੋ ਗਈ।
ਜ਼ਿਕਰਯੋਗ ਹੈ ਕਿ ਤੁੰਗ ਬਿਲਡਰਜ਼ ਦਾ ਠੇਕੇਦਾਰ ਮਿੱਥੇ ਸਮੇਂ ‘ਚ ਕੰਮ ਪੂਰਾ ਨਹੀਂ ਕਰ ਸਕਿਆ। ਇਸ ਦੇ ਬਾਵਜੂਦ ਲੋਕ ਨਿਰਮਾਣ ਵਿਭਾਗ ਨਵਾਂਸ਼ਹਿਰ ਦੇ ਅਧਿਕਾਰੀਆਂ/ਕਰਮਚਾਰੀਆਂ ਨੇ ਤੁੰਗ ਬਿਲਡਰਜ਼ ਦੇ ਐਮ.ਡੀ. ਲਖਵਿੰਦਰ ਸਿੰਘ ਦੀ ਮਿਲੀਭੁਗਤ ਨਾਲ ਮਾਰਚ 2023 ਤੱਕ ਲਗਭਗ 53,00,00,000 ਰੁਪਏ ਦੀ ਅਦਾਇਗੀ ਕੀਤੀ ਗਈ।
ਵਿਜੀਲੈਂਸ ਮੁਤਾਬਕ ਇਸ ਪ੍ਰੋਜੈਕਟ ਨੂੰ ਸਮੇਂ ਸਿਰ ਪੂਰਾ ਨਾ ਕਰਨ ਕਾਰਨ ਵਿਭਾਗ ਨੇ ਮਈ 2023 ‘ਚ ਟੈਂਡਰ ਦੀ ਅਲਾਟਮੈਂਟ ਰੱਦ ਕਰ ਦਿੱਤੀ ਸੀ ਅਤੇ ਅਲਾਟ ਕੀਤੇ ਫੰਡਾਂ ਦੇ ਗਬਨ ਦੀ ਜਾਂਚ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ।
ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਕਮੇਟੀ ਦੀ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਲੋਕ ਨਿਰਮਾਣ ਵਿਭਾਗ ਦੇ 8 ਅਧਿਕਾਰੀਆਂ/ਕਰਮਚਾਰੀਆਂ ਦੀ ਅਣਗਹਿਲੀ ਕਾਰਨ ਤੁੰਗ ਬਿਲਡਰਾਂ ਨੂੰ 11,50,00,000 ਰੁਪਏ ਦੀ ਵਾਧੂ ਅਦਾਇਗੀ ਕੀਤੀ ਗਈ ਸੀ।
ਇਸਦੇ ਨਾਲ ਹੀ ਰਿਪੋਰਟ ਦੇ ਆਧਾਰ ’ਤੇ ਤੁੰਗ ਬਿਲਡਰਜ਼ ਪ੍ਰਾਈਵੇਟ ਲਿਮਟਿਡ ਦੇ ਠੇਕੇਦਾਰ ਸਮੇਤ ਲੋਕ ਨਿਰਮਾਣ ਵਿਭਾਗ ਦੇ ਅੱਠ ਅਧਿਕਾਰੀਆਂ/ਕਰਮਚਾਰੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 406, 409, 420 ਅਤੇ ਭ੍ਰਿਸ਼ਟਾਚਾਰ ਰੋਕੂ ਧਾਰਾ 7 ਤਹਿਤ ਥਾਣਾ ਸਦਰ, ਨਵਾਂਸ਼ਹਿਰ ‘ਚ ਐਫਆਈਆਰ ਨੰਬਰ-8 ਤਾਰੀਖ 01 ਅਗਸਤ 2024 ਦਰਜ ਕੀਤੀ ਗਈ ਹੈ। ਇਸ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਹੋਰ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਉਨ੍ਹਾਂ ਦੇ ਘਰ ਅਤੇ ਹੋਰ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।