ਬਟਾਲਾ, 22 ਨਵੰਬਰ 2025: ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਨਗਰ ਨਿਗਮ ਬਟਾਲਾ ਦੇ ਕਮਿਸ਼ਨਰ-ਕਮ-ਐਸਡੀਐਮ ਬਟਾਲਾ ਵਿਕਰਮਜੀਤ ਸਿੰਘ ਪਾਂਥੇ ਨੂੰ ਸ਼ਿਕਾਇਤਕਰਤਾ ਤੋਂ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਮੁਤਾਬਕ ਮੁਲਜ਼ਮ ਦੀ ਜਾਂਚ ਦੌਰਾਨ 13,50,000 ਰੁਪਏ ਦੀ ਹੋਰ ਰਕਮ ਵੀ ਬਰਾਮਦ ਕੀਤੀ ਹੈ, ਜਿਸਦੇ ਮੁਲਜ਼ਮ ਸਹੀ ਵੇਰਵੇ ਨਹੀਂ ਦੇ ਸਕਿਆ।
ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦਾ ਵਾਸੀ ਹੈ ਅਤੇ ਨਗਰ ਨਿਗਮ ਬਟਾਲਾ ਵਿਖੇ ਸੜਕਾਂ ਦਾ ਪੈਚ ਵਰਕ ਅਤੇ ਮੁਰੰਮਤ ਦਾ ਕੰਮ ਕਰਵਾਇਆ ਸੀ, ਜਿਸਦੇ ਦੋ ਬਿੱਲ 1,87,483- ਰੁਪਏ ਅਤੇ 1,85,369 ਰੁਪਏ ਦੇ ਸਨ, ਜਿਸਦੀ ਕੁੱਲ ਰਕਮ 3,72,852 ਰੁਪਏ ਬਣਦੀ ਸੀ।
ਇਸ ਸਬੰਧੀ ਉਹ ਬਟਾਲਾ ਨਗਰ ਨਿਗਮ ਦੇ ਕਮਿਸ਼ਨਰ ਨੂੰ ਮਿਲਿਆ, ਜਿਸਨੇ ਉਸਨੂੰ ਦੱਸਿਆ ਕਿ ਬਿੱਲਾਂ ਦੀ ਉਕਤ ਅਦਾਇਗੀ ਲਈ ਯਾਨੀ ਕਿ ਇਨ੍ਹਾਂ ਬਿੱਲਾਂ ਨੂੰ ਕਲੀਅਰ ਕਰਵਾਉਣ ਲਈ 10 ਫੀਸਦੀ ਕਮਿਸ਼ਨ ਵਜੋਂ 37000 ਰੁਪਏ ਰਿਸ਼ਵਤ ਦੇਣੀ ਹੋਵੇਗੀ।
ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਬਟਾਲਾ ‘ਚ ਇੱਕ ਲਾਈਟ ਐਂਡ ਸਾਊਂਡ ਸ਼ੋਅ ਲਈ ਕੈਮਰਾ ਅਤੇ ਹੋਰ ਸਬੰਧਤ ਕੰਮ ਵੀ ਕੀਤਾ ਸੀ, ਜਿਸ ਲਈ 1,81,543 ਰੁਪਏ ਦੀ ਰਕਮ ਵੀ ਬਕਾਇਆ ਸੀ। ਇਸ ਤਰ੍ਹਾਂ ਕੁੱਲ ਰਕਮ ਲਗਭੱਗ 5,54,395 ਰੁਪਏ ਦੀ ਅਦਾਇਗੀ ਬਕਾਇਆ ਸੀ। ਇਨ੍ਹਾਂ ਬਿੱਲਾਂ ਦੀ ਅਦਾਇਗੀ ਸਬੰਧੀ ਉਹ ਐਸਡੀਓ ਰੋਹਿਤ ਉੱਪਲ ਨੂੰ ਮਿਲਿਆਂ | ਜਿਸ ਨੇ ਕਿਹਾ ਕਿ ਉਸਨੂੰ ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਕਰਨੀ ਪਵੇਗੀ ਅਤੇ ਸ਼ਿਕਾਇਤਕਰਤਾ ਨੂੰ ਬਣਦੀ ਰਕਮ ਜਾਰੀ ਕਰਨ ਲਈ 9 ਫੀਸਦੀ ਕਮਿਸ਼ਨ ਰਿਸ਼ਵਤ ਵਜੋਂ ਦੇਣਾ ਪਵੇਗਾ। ਪਰ ਸ਼ਿਕਾਇਤਕਰਤਾ ਰਿਸ਼ਵਤ ਦੇ ਕੇ ਆਪਣਾ ਕੰਮ ਨਹੀਂ ਕਰਵਾਉਣਾ ਚਾਹੁੰਦਾ ਸੀ।
ਵਿਜੀਲੈਂਸ ਬਿਊਰੋ ਨੇ ਸ਼ਿਕਾਇਤਕਰਤਾ ਦੀ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਯੂਨਿਟ ਗੁਰਦਾਸਪੁਰ ਵਿਖੇ ਸ਼ਿਕਾਇਤਕਰਤਾ ਦਾ ਬਿਆਨ ਦਰਜ ਕੀਤਾ। ਦੋਸ਼ਾਂ ਦੀ ਪੁਸ਼ਟੀ ਕਰਨ ਤੋਂ ਬਾਅਦ ਵਿਜੀਲੈਂਸ ਨੇ ਜਾਲ ਵਿਛਾ ਕੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ‘ਚ ਵਿਕਰਮਜੀਤ ਸਿੰਘ ਪਾਂਥੇ ਨੂੰ ਸ਼ਿਕਾਇਤਕਰਤਾ ਤੋਂ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜ ਲਿਆ।
ਉਕਤ ਮੁਲਜ਼ਮ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਥਾਣਾ ਵਿਜੀਲੈਂਸ ਬਿਊਰੋ, ਰੇਂਜ ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਨੂੰ ਕੱਲ੍ਹ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ ਅਤੇ ਇਸ ਸਬੰਧੀ ਅਗਲੀ ਜਾਂਚ ਜਾਰੀ ਹੈ।
Read More: ਵਿਜੀਲੈਂਸ ਬਿਊਰੋ ਵੱਲੋਂ ਅਕਤੂਬਰ ਮਹੀਨੇ ‘ਚ ਰਿਸ਼ਵਤਖ਼ੋਰੀ ਦੇ 4 ਮਾਮਲਿਆਂ ‘ਚ 5 ਜਣੇ ਗ੍ਰਿਫ਼ਤਾਰ




