Amritsar

ਅੰਮ੍ਰਿਤਸਰ ‘ਚ ਪੁਲਿਸ ਅਧਿਕਾਰੀਆਂ ਦੀ ਵੀਡੀਓ ਵਾਇਰਲ, ਕਈ ਅਧਿਕਾਰੀਆਂ ਨੂੰ ਕੀਤਾ ਲਾਈਨ ਹਾਜ਼ਰ

ਚੰਡੀਗੜ੍ਹ, 25 ਅਗਸਤ 2023: ਪੰਜਾਬ ਦੇ ਅੰਮ੍ਰਿਤਸਰ ‘ਚ ਸੱਟੇਬਾਜ਼ ਮਾਮਲੇ ਦੇ ਇਕ ਮੁਲਜ਼ਮ ਨਾਲ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਨੱਚਣ ਦਾ ਵੀਡੀਓ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਅੰਮ੍ਰਿਤਸਰ (Amritsar) ਦੀ ਸ਼ਹਿਰੀ ਅਤੇ ਦਿਹਾਤੀ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਹੈ। ਇਹ ਵਾਇਰਲ ਵੀਡੀਓ ਕੁਝ ਦਿਨ ਪਹਿਲਾਂ ਦਾ ਦੱਸਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਜੋ ਥਾਣੇਦਾਰ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਅਧੀਨ ਹਨ, ਉਨ੍ਹਾਂ ਨੂੰ ਸਪਸ਼ਟੀਕਰਨ ਦੇਣ ਲਈ ਪੁਲਿਸ ਲਾਈਨ ਪੇਸ਼ ਹੋਣ ਦੇ ਹੁਕਮ ਜਾਰੀ ਹੋਏ ਹਨ।

ਇਸ ਵੀਡੀਓ ਵਿੱਚ ਦੋ ਡੀਐਸਪੀ ਰੈਂਕ ਦੇ ਅਧਿਕਾਰੀ ਸੰਜੀਵ ਕੁਮਾਰ ਅਤੇ ਪ੍ਰਵੇਸ਼ ਚੋਪੜਾ ਨਜ਼ਰ ਆ ਰਹੇ ਹਨ। ਇਹ ਦੋਵੇਂ ਡੀਐਸਪੀ ਅੰਮ੍ਰਿਤਸਰ ਦਿਹਾਤੀ ਵਿੱਚ ਤਾਇਨਾਤ ਹਨ। ਇਸ ਦੇ ਨਾਲ ਹੀ ਇਸ ਵੀਡੀਓ ਵਿੱਚ ਚਾਰ ਐਸਐਚਓ ਰੈਂਕ ਦੇ ਅਧਿਕਾਰੀ ਧਰਮਿੰਦਰ ਕਲਿਆਣ, ਗੁਰਵਿੰਦਰ ਸਿੰਘ, ਨੀਰਜ ਕੁਮਾਰ ਅਤੇ ਗਗਨਦੀਪ ਸਿੰਘ ਵੀ ਨਜ਼ਰ ਆਏ |

ਵੀਡੀਓ ‘ਚ ਨਜ਼ਰ ਆ ਰਿਹਾ ਕਮਲ ਬੋਰੀ ਹੈ, ਜਿਸ ‘ਤੇ ਸੱਟੇਬਾਜ਼ੀ ਦਾ ਦੋਸ਼ ਹੈ। ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਪੰਜਾਬ ਪੁਲਿਸ ‘ਚ ਰਹਿੰਦਿਆਂ ਕਮਲ ਬੋਰੀ ਖ਼ਿਲਾਫ਼ ਕਈ ਮਾਮਲੇ ਦਰਜ ਕਰਵਾਏ ਸਨ। ਜਿਸ ਤੋਂ ਬਾਅਦ ਕਮਲ ਬੋਰੀ ਨੂੰ ਕਈ ਮਹੀਨੇ ਜੇਲ੍ਹ ਵਿੱਚ ਰਹਿਣਾ ਪਿਆ। ਹੁਣ ਉਹ ਸਾਰੇ ਮਾਮਲਿਆਂ ‘ਚ ਜ਼ਮਾਨਤ ‘ਤੇ ਹੈ।

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਅੰਮ੍ਰਿਤਸਰ (Amritsar) ਪੁਲਿਸ ਨੇ ਮੀਡੀਆ ਨੂੰ ਕੋਈ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਪੰਜਾਬ ਪੁਲਿਸ ਨੇ ਕਾਰਵਾਈ ਕਰਦਿਆਂ ਸਾਰੇ ਪੁਲੀਸ ਅਧਿਕਾਰੀਆਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ। ਇਨ੍ਹਾਂ ਸਾਰੇ ਅਧਿਕਾਰੀਆਂ ਨੂੰ ਸਬੰਧਤ ਥਾਣਿਆਂ ਤੋਂ ਰਿਲੀਵ ਹੋ ਕੇ ਪੁਲਿਸ ਲਾਈਨ ਵਿੱਚ ਆਉਣ ਲਈ ਕਿਹਾ ਗਿਆ ਹੈ।

Scroll to Top