ਚੰਡੀਗੜ੍ਹ, 12 ਜੂਨ 2024: ਸੋਸ਼ਲ ਮੀਡੀਆ ‘ਤੇ ਏਜੰਟਾਂ ਦੀ ਧੋਖਾਧੜੀ ਕਾਰਨ ਅਰਮੇਨੀਆ (Armenia) ‘ਚ ਫਸੇ 10 ਤੋਂ 15 ਭਾਰਤੀ ਨੌਜਵਾਨਾਂ ਦੀ ਵੀਡੀਓ ਸਾਹਮਣੇ ਆਈ ਹੈ। ਜਿਸ ਵਿੱਚ ਨੌਜਵਾਨ ਨੇ ਭਾਰਤ ਸਰਕਾਰ ਨੂੰ ਮੱਦਦ ਦੀ ਪੁਕਾਰ ਕੀਤੀ ਹੈ | ਨੌਜਵਾਨ ਨੇ ਕਿਹਾ ਸਾਨੂੰ ਅਰਮਾਵੀਰ ਜੇਲ੍ਹ ਅੰਦਰ ਬੰਦ ਕਰ ਦਿੱਤਾ ਹੈ | ਇਸਦੇ ਨਾਲ ਹੀ ਅਣਗਿਣਤ ਪੇਪਰਾਂ ‘ਤੇ ਦਸਤਖ਼ਤ ਕਰਵਾ ਲਏ ਹਨ, ਜਿਸਦੀ ਭਾਸ਼ਾ ਵੀ ਸਾਡੀ ਸਮਝ ਤੋਂ ਬਾਹਰ ਹੈ | ਨੌਜਵਾਨ ਨੇ ਦੱਸਿਆ ਕਿ ਸਾਡੀ ਇੱਥੇ ਕੋਈ ਵਕੀਲ ਜਾਂ ਅਧਿਕਾਰੀ ਗੱਲ ਨਹੀਂ ਸੁਣ ਰਿਹਾ |
ਇਨ੍ਹਾਂ ਨੌਜਵਾਨਾਂ ਨੂੰ ਠੱਗ ਏਜੰਟਾਂ ਦੁਆਰਾ ਭਰਮਾਇਆ ਗਿਆ ਅਤੇ ਧੋਖਾ ਦਿੱਤਾ ਗਿਆ ਜਿਨ੍ਹਾਂ ਨੇ ਉਨ੍ਹਾਂ ਨੂੰ ਬਿਹਤਰ ਮੌਕਿਆਂ ਲਈ ਯੂਰਪ ਭੇਜਣ ਦਾ ਵਾਅਦਾ ਕੀਤਾ। ਅੱਜ ਜਦੋਂ ਇਹ ਵਾਇਰਲ ਵੀਡੀਓ ਕਲਿੱਪ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਕੋਲ ਪਹੁੰਚੀ ਤਾਂ ਉਨ੍ਹਾਂ ਤੁਰੰਤ ਇਸ ‘ਤੇ ਕਾਰਵਾਈ ਕਰਦਿਆਂ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਅਰਮੇਨੀਆ (Armenia) ‘ਚ ਫਸੇ ਇਨ੍ਹਾਂ ਨੌਜਵਾਨਾਂ ਦੀ ਹਰ ਸੰਭਵ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ |
ਇਸ ਮੌਕੇ ਸੰਤ ਸੀਚੇਵਾਲ ਨੇ ਇਸ ਕਲਿੱਪ ਨੂੰ ਆਪਣੇ ਸੋਸ਼ਲ ਮੀਡੀਆ ‘ਤੇ ਸਾਂਝਾ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕਲਿੱਪ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ, ਤਾਂ ਜੋ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦਾ ਪਤਾ ਲਗਾਇਆ ਜਾ ਸਕੇ |