Bharatmala Road Project

ਭਾਰਤਮਾਲਾ ਪ੍ਰੋਜੈਕਟ ਤਹਿਤ ਅਕਵਾਇਰ ਜ਼ਮੀਨਾਂ ਦੀ ਪੂਰੀ ਕੀਮਤ ਮਿਲਣ ‘ਤੇ BKU ਏਕਤਾ ਉਗਰਾਹਾਂ ਵੱਲੋਂ ਜੇਤੂ ਰੈਲੀ

ਬਠਿੰਡਾ,20 ਜੂਨ 2023: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਅੱਜ ਭਾਰਤਮਾਲਾ ਸੜਕ ਪ੍ਰਾਜੈਕਟ (Bharatmala Road Project) ਨਾਲ ਸਬੰਧਤ ਪਿੰਡਾਂ ਦੇ ਕਿਸਾਨਾਂ ਨੂੰ ਅਕਵਾਇਰ ਕੀਤੀ ਜ਼ਮੀਨ ਪੂਰੀ ਕੀਮਤ ਮਿਲਣ ਤੇ ਜੇਤੂ ਕਾਨਫਰੰਸ ਕੀਤੀ । ਇਸ ਮੌਕੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਸਾਨਾਂ ਨੂੰ ਦੀ ਜਿੱਤ ਦੀ ਵਧਾਈ ਦਿੱਤੀ ਅਤੇ ਇਸ ਨੂੰ ਅੰਸ਼ਿਕ ਕਰਾਰ ਦਿੱਤਾ ਹੈ ।

ਉਨ੍ਹਾਂ ਨੇ ਆਖਿਆ ਕਿ ਭਾਵੇਂ ਇਸ ਜ਼ਮੀਨ ਦੀ ਪੂਰੀ ਕੀਮਤ ਮਿਲ ਗਈ ਹੈ ਪਰ ਆਉਣ ਵਾਲੇ ਸਮੇਂ ਦੌਰਾਨ ਕਾਰਪੋਰੇਟ ਘਰਾਣਿਆਂ ਵੱਲੋਂ ਜ਼ਮੀਨਾਂ ਖੋਹਣ ਦੀ ਧੁੱਸ ਅਤੇ ਲੁੱਟ ਨੂੰ ਰੋਕਣ ਵਾਸਤੇ ਜਾਨ ਹੂਲਵੇੰ ਸੰਘਰਸ਼ ਲਈ ਵਿਸ਼ਾਲ ਏਕਤਾ ਦੀ ਜ਼ਰੂਰਤ ਹੈ ।
ਉਹਨਾਂ ਚੱਠੇਵਾਲਾ, ਭਾਈ ਬਖਤੌਰ , ਟਰਾਈਡੈਂਟ ਗੋਬਿੰਦਪੁਰਾ ,ਦਿੱਲੀ ਮੋਰਚੇ ਆਦਿ ਵਰਗੇ ਘੋਲਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸਰਕਾਰ ਦੇ ਜਬਰ ਦਾ ਸਾਹਮਣਾ ਕਰਦਿਆਂ ਹੋਇਆਂ ਲੋਕਾਂ ਦੇ ਏਕੇ ਦੇ ਜ਼ੋਰ ਘੋਲ ਜਿੱਤੇ ਗਏ ਹਨ।

ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਦਾ ਜ਼ਮੀਨਾਂ ,ਜਨਤਕ ਅਦਾਰਿਆਂ, ਪਾਣੀਆਂ ਤੇ ਕਬਜ਼ਾ ਕਰਾਉਣ ਅਤੇ ਰੁਜ਼ਗਾਰ ਖੋਝਣੱ ਲਈ ਸਰਕਾਰ ਵੱਲੋਂ ਵੱਖ-ਵੱਖ ਢੰਗਾਂ ਨਾਲ ਹਮਲੇ ਤੇਜ਼ ਕੀਤੇ ਜਾ ਰਹੇ ਹਨ ਜਿਸ ਨੂੰ ਰੋਕਣ ਲਈ ਉਨ੍ਹਾਂ ਲੋਕਾਂ ਨੂੰ ਸੰਘਰਸ਼ਾਂ ਦੇ ਮੈਦਾਨ ਵਿੱਚ ਆਉਣ ਦਾ ਸੱਦਾ ਦਿੱਤਾ। ਸਟੇਜ ਸਕੱਤਰ ਦੀ ਭੂਮਿਕਾ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਨਿਭਾਈ।

ਕਾਨਫਰੰਸ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਬੰਧਕਾਂ ਵੱਲੋਂ ਸੀ੍ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਸਾਰਾ ਦਿਨ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਾਈਆਂ ਗਈਆਂ। ਸੰਗਤ ਬਲਾਕ ਦੇ ਪ੍ਰਧਾਨ ਕੁਲਵੰਤ ਸ਼ਰਮਾ ਨੇ ਕਾਨਫਰੰਸ ਵਿਚ ਸ਼ਾਮਲ ਹੋਏ ਲੋਕਾਂ ਦਾ ਧੰਨਵਾਦ ਕੀਤਾ। ਪ੍ਰੀਤ ਢੱਡੇ ਦੇ ਕਵੀਸ਼ਰੀ ਜਥੇ ਵੱਲੋਂ ਕਵੀਸਰੀ ਰਾਹੀਂ ਲੋਕਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ।

Scroll to Top