June 28, 2024 12:37 pm
Vicky G

ਟਰਾਂਸਜ਼ੇਡਰਸ ਦੇ ਸਮਾਵੇਸ਼ ਦਾ ਜਸ਼ਨ ਮਨਾਉਂਦਾ ਵਿੱਕੀ G ਦਾ ਨਵਾਂ ਗੀਤ ਸੁਰਖਾਬ

ਚੰਡੀਗੜ੍ਹ, 03 ਦਸੰਬਰ 2023: ਮਸ਼ਹੂਰ ਗਾਇਕ, ਲੇਖਕ ਅਤੇ ਸੰਗੀਤਕਾਰ ਵਿੱਕੀ G (Vicky G) ਆਪਣੇ ਆਉਣ ਵਾਲੇ ਰੋਮਾਂਟਿਕ ਸਿੰਗਲ ਦੇ ਨਾਲ ਸੰਗੀਤ ਦੀ ਦੁਨੀਆ ਵਿੱਚ ਕ੍ਰਾਂਤੀ ਲਿਆਉਣ ਲਈ ਪੂਰੀ ਤਰ੍ਹਾਂ ਤਿਆਰ ਹਨ | “ਸੁਰਖਾਬ” ਸਿਰਲੇਖ ਵਾਲੇ ਗੀਤ ਦਾ ਵੀਡਿਓ ਸਮਾਜ ਵਿਚ ਅਕਸਰ ਨਜ਼ਰਅੰਦਾਜ਼ ਕੀਤੇ ਜਾਂਦੇ ਤੀਜੇ ਲਿੰਗ – (ਮੰਗਲਮੁਖੀ) ਭਾਈਚਾਰੇ ਨੂੰ ਮੁੱਖ ਰੱਖ ਕੇ ਉਹਨਾ ਨੂੰ ਉਹਨਾਂ ਦੀ ਕਲਾ ਦੇ ਜ਼ਰੀਏ ਪੇਸ਼ ਕਰਦਾ ਹੈ।

“ਸੁਰਖਾਬ” ਵਿੱਚ ਵਿੱਕੀ G ਆਪਣੇ ਗੀਤ ਰਾਹੀਂ, ਪਿਆਰ ਦੀ ਇੱਕ ਕਹਾਣੀ ਬੁਣਦੇ ਹਨ, ਜਿਸ ਵਿੱਚ ਪਿਆਰੇ ਸੁੰਦਰ ਰਾਜਕੁਮਾਰ ਦੀ ਤੁਲਨਾ ਸੁੰਦਰ ਪੰਛੀ ਸੁਰਖਾਬ ਨਾਲ ਕੀਤੀ ਗਈ ਹੈ, ਪਰੀ ਕਹਾਣੀਆਂ ਤੋਂ ਲਿਆ ਗਿਆ ਇਹ ਸੁੰਦਰ ਪਰਿੰਦਾ ਬਹੁਤ ਘੱਟ ਦਿਖਾਈ ਦਿੰਦਾ ਹੈ। ਸੁਰਖ਼ਾਬ ਗੀਤ ਦਾ ਉਦੇਸ਼ ਪਿਆਰ ਅਤੇ ਸੁੰਦਰਤਾ ‘ਤੇ ਇੱਕ ਨਵਾਂ ਦ੍ਰਿਸ਼ਟੀਕੋਣ ਪੇਸ਼ ਕਰਦੇ ਹੋਏ ਸਮਾਜਿਕ ਨਿਯਮਾਂ, ਰੂੜੀ ਵਾਦੀ ਸੋਚ ਤੇ ਬੰਦੂਕਾਂ,ਨਸ਼ਿਆਂ ਤੇ ਜਾਤਾਂ ਦਾ ਬਖਾਨ ਕਰਨ ਵਾਲੇ ਗੀਤਾਂ ਨੂੰ ਚੁਣੌਤੀ ਦੇਣਾ ਹੈ। “ਸੁਰਖਾਬ” ਵੀਡੀਓ ਦੀ ਕਾਸਟਿੰਗ ਬੇਹੱਦ ਨਵੇਕਲੀ ਹੈ, ਇਸ ਗੀਤ ਵਿੱਚ ਸਿਰਫ਼ ਤੇ ਸਿਰਫ਼ ਟਰਾਂਸਜੈਂਡਰਜ਼ ਨੂੰ ਕਾਸਟ ਕੀਤਾ ਗਿਆ ਹੈ |

ਵੀਡਿਓ ਦਾ ਹਿੱਸਾ ਬਣੇ ਕਾਜਲ ਮੰਗਲਮੁਖੀ, ਸੰਸਥਾਪਕ ਮੰਗਲਮੁਖੀ ਮੰਡਲ ਕਹਿੰਦੇ ਨੇ ਕੀ ਮੰਗਲਮੁਖੀ/ਟਰਾਂਸਜੈਂਡਰ ਸਮਾਜ ਨੂੰ ਭਾਵੇਂ ਫ਼ਿਲਮਾਂ ਹੋਣ ਜਾਂ ਟੈਲੀਵਿਜ਼ਨ, ਆਮ ਤੌਰ ‘ਤੇ ਕੋਈ ਬਹੁਤਾ ਵਧੀਆ ਨਹੀਂ ਦਰਸਾਇਆ ਜਾਂਦਾ, ਟਰਾਂਸਜੈਂਡਰਾਂ ਨੂੰ ਆਮ ਤੌਰ ‘ਤੇ ਭੀਖ ਮੰਗਦੇ ਜਾਂ ਕੋਈ ਨਾ ਕੋਈ ਗੁਨਾਹ ਚ ਮੁਲੱਵਸ ਹੀ ਦਰਸਾਇਆ ਜਾਂਦਾ ਹੈ। ਇਹ ਪਹਿਲੀ ਵਾਰ ਹੈ ਜਦੋਂ ਉਹਨਾਂ ਨੂੰ ਇਸ ਤਰ੍ਹਾਂ ਲਾਈਮਲਾਈਟ ਵਿਚ ਲਿਆਂਦਾ ਗਿਆ ਹੈ, ਉਹ ਵੀ ਸਭ ਤੋਂ ਸ਼ਾਨਦਾਰ ਅਤੇ ਕਲਾਤਮਕ ਤਰੀਕੇ ਨਾਲ। ਨਾਲ ਹੀ, ਇਹ ਕੋਈ ਮਰਦ ਜਾਂ ਔਰਤ ਅਭਿਨੇਤਾ ਨਹੀਂ ਹੈ ਜੋ ਇਸ ਵੀਡੀਓ ਵਿੱਚ ਟਰਾਂਸਜੈਂਡਰ ਦੇ ਰੂਪ ਵਿੱਚ ਦਿਖਾਈ ਦੇਣਗੇ, ਜਿਵੇਂ ਕਿ ਆਮ ਤੌਰ ‘ਤੇ ਫਿਲਮਾਂ ਵਿੱਚ ਹੁੰਦਾ ਹੈ, ਪਰ ਇਸ ਵੀਡੀਓ ਵਿੱਚ ਅਸੀ ਖੁਦ ਨਜ਼ਰ ਆਉਣ ਜਾ ਰਹੇ ਹਾਂ, ਬਿਲਕੁਲ ਓਦਾਂ ਦੇ ਹੀ ਜਿੱਦਾਂ ਦੇ ਅਸੀ ਅਸਲ ਜ਼ਿੰਦਗੀ ਵਿਕ ਹਾਂ” ਇਹ ਕਹਿ ਕੇ ਕਾਜਲ ਹੱਸ ਪੈਂਦੇ ਹਨ |

ਗੰਗਾ ਮਹੰਤ ਨੇ ਕਿਹਾ ਕਿ ਉਹ ਬਹੁਤ ਖੁਸ਼ ਨੇ ਕਿ ਵਿੱਕੀ G (Vicky G) ਨੇ ਅਜਿਹਾ ਅਨੋਖਾ ਵਿਚਾਰ ਸੋਚਿਆ, ਜਿੱਥੇ ਪੂਰੇ ਗੀਤ ਦੀ ਵੀਡੀਓ ਵਿੱਚ ਸਿਰਫ਼ ਟਰਾਂਸਜੈਂਡਰ ਹੀ ਹੋਣਗੇ।

ਸਮਾਨਤਾ ਅਤੇ ਸਮਾਵੇਸ਼ ਦੇ ਸਮਰਥਕ, ਵਿੱਕੀ G ਆਪਣਾ ਵਿਸ਼ਵਾਸ ਪ੍ਰਗਟ ਕਰਦੇ ਹਨ ਕਿ ਕਾਨੂੰਨੀ ਅਧਿਕਾਰ ਪ੍ਰਾਪਤ ਕਰਨ ਦੇ ਬਾਵਜੂਦ, ਟਰਾਂਸਜੈਂਡਰ ਸਮਾਜ ਨੂੰ ਮੁੱਖ ਧਾਰਾ ਵਿੱਚ ਸਵੀਕਾਰਤਾ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ। ਆਮ ਤੌਰ ‘ਤੇ ਇਸ ਸਮਾਜ ਦੀ ਭੂਮਿਕਾ ਵਿਆਹ, ਬੱਚੇ ਦੇ ਜਨਮ ਆਦਿ ਪਰਿਵਾਰਕ ਕਾਰਜਾਂ ਤੱਕ ਹੀ ਸੀਮਤ ਹੁੰਦੀ ਹੈ।ਵਿੱਕੀ G ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਬਰਾਬਰ ਦੇ ਅਧਿਕਾਰ ਦੇਣ ਦੀ ਸਿਰਫ਼ ਗੱਲ ਕਰਨ ਦੀ ਬਜਾਏ ਉਨ੍ਹਾਂ ਨੂੰ ਗਲੇ ਲਗਾਉਣ ਅਤੇ ਉਨ੍ਹਾਂ ਨੂੰ ਬਰਾਬਰ ਦੇ ਮੌਕੇ ਦੇ ਕੇ ਸਵੀਕਾਰ ਕਰਨ ਦੀ ਲੋੜ ਹੈ।

ਵਿੱਕੀ G ਨੇ ਪਰੰਪਰਾਗਤ ਕਾਸਟਿੰਗ ਦੇ ਚਲਣ ਨੂੰ ਤੋੜਨ ਪਿੱਛੇ ਆਪਣੀ ਪ੍ਰੇਰਣਾ ਸਾਂਝੀ ਕੀਤੀ ਅਤੇ ਕਿਹਾ, “ਟਰਾਂਸਜੈਂਡਰਾਂ ਦੀਆਂ ਭਾਵਨਾਵਾਂ, ਸੁਪਨੇ ਅਤੇ ਯੋਗਤਾਵਾਂ ਸਾਡੇ ਸਭ ਦੇ ਬਰਾਬਰ ਹੀ ਹੁੰਦੀਆਂ ਹਨ। ਜ਼ਰੂਰਤ ਹੈ ਇਸ ਸਮਾਜ ਦੇ ਅੰਦਰ ਬੇਅੰਤ ਪ੍ਰਤਿਭਾ ਨੂੰ ਲੱਭਣ ਅਤੇ ਉਸ ਦੀ ਕਦਰ ਕਰਨ ਦੀ।

ਵਿਆਹ ਸ਼ਾਦੀ ਹੋਵੇ ਜਾਂ ਬੱਚੇ ਦਾ ਜਨਮ ਟਰਾਂਸਜੈਂਡਰ ਹਮੇਸ਼ਾਂ ਸਾਡੀਆਂ ਖ਼ੁਸ਼ੀਆਂ ਦਾ ਹਿੱਸਾ ਬਣ ਕੇ ਸਾਨੂੰ ਸ਼ੁਭਕਾਮਨਾਵਾਂ, ਅਸ਼ੀਰਵਾਦ ਦਿੰਦੇ ਹਨ, ਤਾਂ ਕਿਉਂ ਨਾ ਇਹਨਾ ਦੀ ਪ੍ਰਤਿਭਾ ਅਤੇ ਇਹਨਾ ਦੀ ਹੋਂਦ ਦਾ ਜਸ਼ਨ ਮਨਾਇਆ ਜਾਵੇ।”

ਵਿੱਕੀ G ਦਾ ਮੰਨਣਾ ਹੈ ਕਿ “ਸੁਰਖਾਬ” ਨਾ ਸਿਰਫ਼ ਇੱਕ ਸੰਗੀਤਕ ਰਚਨਾ ਹੈ, ਸਗੋਂ ਬਰਾਬਰ ਦੀ ਨੁਮਾਇੰਦਗੀ ਅਤੇ ਸਵੀਕਾਰਤਾ ਦੀ ਲੋੜ ਵੱਲ ਇੱਕ ਦਲੇਰ ਕਦਮ ਹੈ।ਵਿੱਕੀ G ਵਾਅਦਾ ਕਰਦੇ ਹਨ ਕਿ ਉਨ੍ਹਾਂ ਅਤੇ ਉਹਨਾਂ ਦੀ ਧਰਮ ਪਤਨੀ ਮਿਸ਼ਾ ਬਾਜਵਾ ਚੌਧਰੀ ਦੁਆਰਾ ਨਿਰਦੇਸ਼ਿਤ ਗੀਤ ਦਾ ਵੀਡੀਓ ਇੱਕ ਵਿਜ਼ੂਅਲ ਟ੍ਰੀਟ ਹੋਣ ਜਾ ਰਿਹਾ ਹੈ ਜੋ ਬਿਨਾਂ ਸੀਮਾਵਾਂ ਦੇ ਪਿਆਰ ਦੀ ਸੁੰਦਰਤਾ ਨੂੰ ਉਜਾਗਰ ਕਰਦਾ ਹੈ।

“ਸੁਰਖਾਬ” ਸਾਰੇ ਆਡੀਓ ਪਲੇਟਫਾਰਮਾਂ ‘ਤੇ ਉਪਲਬਧ ਹੈ ਅਤੇ ਇਸਦਾ ਮਿਊਜ਼ਿਕ ਵੀਡੀਓ ਯੂਟਿਊਬ ਤੇ ਰਿਲੀਜ਼ ਹੋਣ ਜਾ ਰਿਹਾ ਹੈ ਤੇ ਸਾਰੇ ਪ੍ਰਮੁੱਖ ਸੰਗੀਤ ਪਲੇਟਫਾਰਮਾਂ ‘ਤੇ ਉਪਲਬਧ ਹੋਵੇਗਾ। ਵਿੱਕੀ ਜੀ ਪ੍ਰਸ਼ੰਸਕਾਂ ਅਤੇ ਸੰਗੀਤ ਪ੍ਰੇਮੀਆਂ ਨੂੰ ਸੱਦਾ ਦਿੰਦੇ ਹਨ ਕਿ ਉਹ ਵੀ ਉਹਨਾਂ ਨਾਲ ਇੱਕ ਸਮਾਵੇਸ਼ੀ ਸਮਾਜ ਦੀ ਇਸ ਬੇਮਿਸਾਲ ਯਾਤਰਾ ਵਿੱਚ ਸ਼ਾਮਲ ਹੋਣ।

ਸੁਰਖਾਬ ਦੇ ਮਿਊਜ਼ਿਕ ਵੀਡੀਓ ਵਿੱਚ ਦਿਖਾਈ ਦੇਣ ਵਾਲੇ ਟਰਾਂਸਜੈਂਡਰ ਹਨ ਕਾਜਲ ਮੰਗਲਮੁਖੀ, ਮੀਨਾ, ਮਮਤਾ, ਸਨੇਹਾ, ਪ੍ਰਿਆ, ਮਹਿਕ, ਰਮਨਦੀਪ, ਰੂਹੀ, ਕਾਬੀਆ, ਕੈਸ਼ ਅਤੇ ਨਵੀ। ਸੁਰਖ਼ਾਬ ਗਾਣਾ ਯੂਟਿਊਬ ਤੇ ਦੇਖਣ ਲਈ Vicky G ਸੁਰਖ਼ਾਬ ਸਰਚ ਕਰ ਸਕਦੇ ਹੋ |