ਚੰਡੀਗੜ੍ਹ, 12 ਨਵੰਬਰ 2024: Vice President Jagdeep Dhankhar in Punjab: ਰਾਜ ਸਭਾ ਦੇ ਚੇਅਰਮੇਨ ਅਤੇ ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਅੱਜ ਪੰਜਾਬ ਪਹੁੰਚੇ ਹਨ, ਪੰਜਾਬ ‘ਚ ਧੁੰਦ ਕਾਰਨ ਵਿਜ਼ੀਬਿਲਟੀ ਘੱਟ ਹੋਣ ਕਾਰਨ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਫਲਾਈਟ ਨੂੰ ਲੁਧਿਆਣਾ ਦੀ ਬਜਾਏ ਅੰਮ੍ਰਿਤਸਰ ਏਅਰਪੋਰਟ ‘ਤੇ ਲੈਂਡ ਕਰਨਾ ਪਿਆ।
ਜਿਕਰਯੋਗ ਹੈ ਕਿ ਅੱਜ ਜਗਦੀਪ ਧਨਖੜ ਨੇ ਲੁਧਿਆਣਾ ਵਿਖੇ ਸਮਾਗਮ ‘ਚ ਸ਼ਾਮਲ ਹੋਣਾ ਸੀ, ਪਰ ਮੌਸਮ ਖ਼ਰਾਬ ਹੋਣ ਕਾਰਨ ਉਪ ਰਾਸ਼ਟਰਪਤੀ ਲੁਧਿਆਣਾ ਨਹੀਂ ਪਹੁੰਚ ਸਕੇ। ਜਿਸ ਤੋਂ ਬਾਅਦ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ।
ਇਹ ਜਾਣਕਾਰੀ ਹਵਾਈ ਅੱਡੇ ‘ਤੇ ਉਤਰਨ ਤੋਂ ਪਹਿਲਾਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸ਼ੀ ਸਾਹਨੀ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਸਿੱਧੇ ਹਵਾਈ ਅੱਡੇ ਲਈ ਰਵਾਨਾ ਹੋ ਗਏ।
ਵੀਆਈਪੀ ਮੂਵਮੈਂਟ ਕਾਰਨ ਰਨਵੇ ਨੂੰ ਖਾਲੀ ਕਰਵਾ ਕੇ ਉਨ੍ਹਾਂ ਦੇ ਜਹਾਜ਼ ਨੂੰ ਅੰਮ੍ਰਿਤਸਰ ‘ਚ ਉਤਾਰਿਆ ਗਿਆ। ਉਪ ਰਾਸ਼ਟਰਪਤੀ ਨੇ ਅਧਿਕਾਰੀਆਂ ਨਾਲ ਰਸਮੀ ਬੈਠਕ ਕੀਤੀ। ਇਸ ਦੌਰਾਨ ਜਹਾਜ਼ ਨੂੰ ਇੱਥੇ ਈਂਧਨ ਭਰਿਆ ਗਿਆ, ਜਿਸ ਤੋਂ ਬਾਅਦ ਜਹਾਜ਼ ਦੁਬਾਰਾ ਇੰਦੌਰ ਲਈ ਰਵਾਨਾ ਕਰ ਦਿੱਤਾ ਗਿਆ।
ਉਪ ਰਾਸ਼ਟਰਪਤੀ ਜਗਦੀਪ ਧਨਖੜ (Jagdeep Dhankhar) ਇੰਡੀਅਨ ਇਕੌਲੋਜੀਕਲ ਸੋਸਾਇਟੀ ਇੰਟਰਨੈਸ਼ਨਲ ਕਾਨਫਰੰਸ-2024 ਦੀ ਪ੍ਰਧਾਨਗੀ ਕਰਨੀ ਸੀ, ਇਹ ਇੰਡੀਅਨ ਇਕੋਲੋਜੀਕਲ ਸੋਸਾਇਟੀ ਵੱਲੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਦੇ ਸਹਿਯੋਗ ਨਾਲ ਕੀਤਾ ਜਾਣਾ ਸੀ। ਇਸਤੋਂ ਬਾਅਦ ਉਪ ਰਾਸ਼ਟਰਪਤੀ ਨੇ ਸਕੂਲ ‘ਚ ਸਤਪਾਲ ਮਿੱਤਲ ਰਾਸ਼ਟਰੀ ਪੁਰਸਕਾਰਾਂ ਦੇ 32ਵੇਂ ਐਡੀਸ਼ਨ ‘ਚ ਵੀ ਸ਼ਿਰਕਤ ਕਰਨੀ ਸੀ।