ਚੰਡੀਗੜ, 11 ਜਨਵਰੀ 2024: ਹਰਿਆਣਾ ਵਿੱਚ ਵਿਦੇਸ਼ੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਮੁੱਖ ਮੰਤਰੀ ਮਨੋਹਰ ਲਾਲ ਗੁਜਰਾਤ ਦੇ ਇੱਕ ਦਿਨਾ ਦੌਰੇ ਉੱਤੇ ਹਨ। ਵੀਰਵਾਰ ਨੂੰ, ਗੁਜਰਾਤ ਦੇ ਗਾਂਧੀਨਗਰ ਵਿੱਚ ਚੱਲ ਰਹੇ 10ਵੇਂ ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ-2024 (Gujarat Global Summit) ਵਿੱਚ ਮੁੱਖ ਮੰਤਰੀ ਨੇ ਜਾਪਾਨ ਅਤੇ ਅਮਰੀਕਾ ਦੀਆਂ ਲਗਭਗ 10 ਵੱਡੀਆਂ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਵਨ-ਟੂ-ਵਨ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਹਰਿਆਣਾ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਕੰਪਨੀਆਂ ਨੇ ਵੀ ਹਰਿਆਣਾ ਵਿੱਚ ਨਿਵੇਸ਼ ਕਰਨ ਵਿੱਚ ਡੂੰਘੀ ਦਿਲਚਸਪੀ ਦਿਖਾਈ।
ਇਸ ਮੌਕੇ ਜਾਪਾਨੀ ਵਫ਼ਦ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਕੰਪਨੀ ਦੇ ਨੁਮਾਇੰਦਿਆਂ ਦਾ ਜਾਪਾਨੀ ਭਾਸ਼ਾ ਵਿੱਚ ਸਵਾਗਤ ਕੀਤਾ, ਜਿਸ ਕਾਰਨ ਉਹ ਬਹੁਤ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆਏ। ਮੀਟਿੰਗ ਦੌਰਾਨ ਕਲੀਨ-ਗਰੀਨ ਐਨਰਜੀ ਵੱਲ ਵਧਦੇ ਹੋਏ ਜਾਪਾਨ ਅਤੇ ਹਰਿਆਣਾ ਸਰਕਾਰ ਦਰਮਿਆਨ ਹਾਈਡ੍ਰੋਜਨ ਨੀਤੀ ਬਣਾਉਣ ‘ਤੇ ਸਹਿਮਤੀ ਬਣੀ। ਮਾਰੂਤੀ ਸੁਜ਼ੂਕੀ ਨੇ ਵੀ ਪਲੱਗ ਐਂਡ ਪਲੇ ਨੀਤੀ ਅਪਣਾ ਕੇ ਹਰਿਆਣਾ ਸਰਕਾਰ ਦੀ ਈ-ਵਾਹਨ ਨੀਤੀ ਤਹਿਤ ਇਲੈਕਟ੍ਰਿਕ ਵਾਹਨਾਂ ‘ਤੇ ਵੱਧ ਤੋਂ ਵੱਧ ਜ਼ੋਰ ਦੇਣ ਦੀ ਇੱਛਾ ਪ੍ਰਗਟਾਈ ਹੈ। ਇਸ ਦੇ ਲਈ ਸੂਬੇ ਵਿਚ ਪਲਾਂਟ ਲਗਾਉਣ ਲਈ ਜਗ੍ਹਾ ਦੀ ਪਛਾਣ ਕੀਤੀ ਜਾ ਰਹੀ ਹੈ।
ਸੰਮੇਲਨ (Gujarat Global Summit) ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਨੇ ਮਾਈਕ੍ਰੋਸਾਫਟ ਇੰਡੀਆ ਦੇ ਪ੍ਰਧਾਨ ਪੁਨੀਤ ਚੰਧੋਕ ਅਤੇ ਉਨ੍ਹਾਂ ਦੇ ਵਫ਼ਦ ਨਾਲ ਮੀਟਿੰਗ ਵੀ ਕੀਤੀ। ਇਸ ਦੌਰਾਨ ਵਫ਼ਦ ਨੇ ਕਿਹਾ ਕਿ ਮਾਈਕ੍ਰੋਸਾਫਟ ਕੰਪਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਹਰਿਆਣਾ ਸਰਕਾਰ ਨਾਲ ਮਿਲ ਕੇ ਕੰਮ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਮਾਈਕ੍ਰੋਸਾਫਟ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਵੇਗੀ। ਜਲਦ ਹੀ ਚੰਡੀਗੜ੍ਹ ਵਿਖੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਜਾਵੇਗੀ, ਜਿੱਥੇ ਮਾਈਕ੍ਰੋਸਾਫਟ ਵੱਲੋਂ ਆਉਣ ਵਾਲੇ ਰੋਡਮੈਪ ਬਾਰੇ ਪੇਸ਼ਕਾਰੀ ਦਿੱਤੀ ਜਾਵੇਗੀ।
ਜਾਪਾਨੀ ਕੰਪਨੀਆਂ ਨਾਲ ਸਹਿਯੋਗ ਲਈ ਇੱਕ ਵੱਖਰਾ ਸਾਂਝਾ ਸਹਿਯੋਗ ਸੈੱਲ ਬਣਾਇਆ ਜਾਵੇਗਾ। ਮੀਟਿੰਗ ਦੌਰਾਨ ਨੁਮਾਇੰਦਿਆਂ ਨੇ ਕਿਹਾ ਕਿ ਹਰਿਆਣਾ ਜਾਪਾਨੀ ਕੰਪਨੀਆਂ ਲਈ ਮਾਂ ਰਾਜ ਰਿਹਾ ਹੈ। ਸਾਲ 1980 ਵਿੱਚ ਪਹਿਲੀ ਵਾਰ ਮਾਰੂਤੀ ਸੁਜ਼ੂਕੀ ਨੇ ਗੁਰੂਗ੍ਰਾਮ ਵਿੱਚ ਆਪਣੀ ਪਹਿਲੀ ਯੂਨਿਟ ਸਥਾਪਿਤ ਕੀਤੀ। ਉਸ ਤੋਂ ਬਾਅਦ ਕਈ ਜਾਪਾਨੀ ਕੰਪਨੀਆਂ ਹਰਿਆਣਾ ਵਿਚ ਆਈਆਂ। ਮੁੱਖ ਮੰਤਰੀ ਨੇ ਸੂਬਾ ਸਰਕਾਰ ਦੇ ਅਧਿਕਾਰੀਆਂ ਨੂੰ ਜਾਪਾਨੀ ਕੰਪਨੀਆਂ ਦੀ ਸਹੂਲਤ ਲਈ ਇੱਕ ਸਾਂਝਾ ਸਹਿਯੋਗ ਸੈੱਲ ਸਥਾਪਤ ਕਰਨ ਦੇ ਨਿਰਦੇਸ਼ ਦਿੱਤੇ, ਜੋ ਜਾਪਾਨੀ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਲਗਾਤਾਰ ਗੱਲਬਾਤ ਕਰੇਗਾ ਤਾਂ ਜੋ ਪਲੱਗ ਐਂਡ ਪਲੇ ਮਾਡਲ ਨੂੰ ਤੇਜ਼ੀ ਨਾਲ ਸ਼ੁਰੂ ਕੀਤਾ ਜਾ ਸਕੇ।
ਮੀਟਿੰਗ ਵਿੱਚ ਗੁਰੂਗ੍ਰਾਮ ਵਿੱਚ ਜਾਪਾਨੀ ਸਕੂਲ ਖੋਲ੍ਹਣ ਬਾਰੇ ਵੀ ਚਰਚਾ ਕੀਤੀ ਗਈ। ਇਹ ਪਹਿਲੀ ਵਾਰ ਹੈ ਜਦੋਂ ਜਾਪਾਨੀ ਕੰਪਨੀਆਂ ਦੇ ਨਾਲ-ਨਾਲ ਜਾਪਾਨੀ ਸਰਕਾਰ ਦੇ ਅਧਿਕਾਰੀ ਵੀ ਇਸ ਸੰਮੇਲਨ ਵਿਚ ਆਏ ਹਨ। ਹਰਿਆਣਾ ਲਈ ਇਹ ਚੰਗੀ ਕਿਸਮਤ ਦੀ ਗੱਲ ਹੈ ਕਿ ਮੀਟਿੰਗ ਦੌਰਾਨ ਜਾਪਾਨ ਸਰਕਾਰ ਦੇ ਨੁਮਾਇੰਦੇ ਵੀ ਮੌਜੂਦ ਸਨ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਭਰੋਸਾ ਦਿਵਾਇਆ ਕਿ ਜਾਪਾਨ ਸਰਕਾਰ ਹਰਿਆਣਾ ਨੂੰ ਪੂਰਾ ਸਹਿਯੋਗ ਦੇਵੇਗੀ।
ਸਿਖਰ ਸੰਮੇਲਨ ਦੌਰਾਨ ਮੁੱਖ ਮੰਤਰੀ ਨੇ ਜਾਪਾਨ ਦੀ ਜੈਟਰੋ, ਡੇਂਜ਼ੋ ਕਾਰਪੋਰੇਸ਼ਨ, ਮਾਰੂਤੀ ਸੁਜ਼ੂਕੀ, ਯਾਮਾਨਸ਼ੀ ਹਾਈਡ੍ਰੋਜਨ, ਏਅਰ ਵਾਟਰ ਕੰਪਨੀ, ਟੋਇਟਾ ਅੰਬਿਕਾ ਆਟੋਮੋਟਿਵ ਸੇਫਟੀ, ਜੇ.ਸੀ.ਸੀ.ਆਈ.ਆਈ ਇੰਡੀਆ ਅਤੇ ਅਮਰੀਕਾ ਦੀ ਬਲੈਕਸਟੋਨ, ਯੂ.ਪੀ.ਐੱਸ. ਲੋਜਿਸਟਿਕ ਕੰਪਨੀ, ਮਾਈਕ੍ਰੋਸਾਫਟ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ।
ਇਸ ਮੌਕੇ ‘ਤੇ ਹਰਿਆਣਾ ਦੇ ਉਦਯੋਗ ਅਤੇ ਵਣਜ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਨ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਵੀ. ਉਮਾਸ਼ੰਕਰ, ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਦੇ ਪ੍ਰਬੰਧ ਨਿਰਦੇਸ਼ਕ ਯਸ਼ ਗਰਗ ਅਤੇ ਹੋਰ ਅਧਿਕਾਰੀ ਮੌਜੂਦ ਸਨ।