ਵਾਇਆ ਸਿਨੇਮਾ…
ਹਰਪ੍ਰੀਤ ਸਿੰਘ ਕਾਹਲੋਂ
Sr Executive Editor
The Unmute
ਮਸਤਾਨੇ ਫ਼ਿਲਮ ਰਿਵਿਊ…
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਇਤਿਹਾਸ ਦਾ ਸਫਾ ਘੂਕ ਸੌਂ ਗਿਆ ਸੀ ਇਸ ਭੁਲੇਖੇ ਨਾਲ ਕਿ ਸਿੱਖਾਂ ਦਾ ਨਬੇੜਾ ਹੋ ਗਿਆ।ਭਾਈ ਤਾਰਾ ਸਿੰਘ ਵਾਂ ਦੀ ਸ਼ਹੀਦੀ ਨੇ ਮੁੜ ਰੂਹ ਫੁਕ ਦਿੱਤੀ।ਸਿੰਘਾਂ ਦੀ ਮਿਸਲ ਦੌਰ ਤੱਕ ਪਹੁੰਚਣ ਦੀ ਮਿਸਾਲ ਆਪਣੇ ਆਪ ਵਿੱਚ ਜੂਝਾਰੂ ਅਤੇ ਜੰਗਜੂ ਵਰਤਾਰਾ ਹੈ।ਬਿਨਾਂ ਜ਼ਮੀਨਾਂ,ਬਿਨਾਂ ਘਰ ਤੋਂ ਦਹਾਕਿਆਂ ਦੇ ਦਹਾਕੇ ਸਿੰਘਾਂ ਨੇ ਜੰਗਲ ‘ਚ ਜ਼ਿੰਦਗੀ ਹੰਢਾਈ ਅਤੇ ਗੁਰੂ ਦੇ ਮਾਛੀਵਾੜੇ ਨੂੰ ਅਕੀਦਤ ਪੇਸ਼ ਕੀਤੀ।ਉਹਨਾਂ ਜ਼ੁਬਾਨ ਦੇ ਮੁਹਾਨੇ ਬਦਲ ਦਿੱਤੇ ਅਤੇ ਚੜ੍ਹਦੀਕਲਾ ਦਾ ਵਰਤਾਰਾ ਗੁਰੂ ਮਾਰਗ ‘ਤੇ ਚੱਲਦਿਆਂ ਪੇਸ਼ ਕੀਤਾ।
ਸਿੰਘਾਂ ਦੇ ਵਰਤਾਰੇ ਬਾਰੇ ਹਾਲ ਵਿੱਚ ਸਿੰਘ ਸਾਹਬ ਬਾਬਾ ਸੰਤਾ ਸਿੰਘ ਜੀ ਅਕਾਲੀ ਟੀਕਾਕਾਰ ਦਾ ਭਾਈ ਰਤਨ ਸਿੰਘ ਭੰਗੂ ਵਾਲਾ ਪ੍ਰਾਚੀਨ ਪੰਥ ਪ੍ਰਕਾਸ਼ ਪੜ੍ਹਿਆ।ਪ੍ਰਾਚੀਨ ਪੰਥ ਪ੍ਰਕਾਸ਼ ਦੀ ਇਹ ਛਪਾਈ ਬਹੁਤ ਸੋਹਣੀ ਅਤੇ ਤਰਤੀਬ ਵਿੱਚ ਲੱਗੀ।ਦੂਜਾ ਜਗਦੀਪ ਸਿੰਘ ਹੁਣਾਂ ਦਾ ਪ੍ਰਾਚੀਨ ਪੰਥ ਪ੍ਰਕਾਸ਼ ‘ਤੇ ਅਧਾਰਤ ਨਾਨਕ ਰਾਜ ਚਲਾਇਆ ਲੜੀ ਤਹਿਤ ਹੰਨੈ ਹੰਨੈ ਪਾਤਸ਼ਾਹੀ ਅਤੇ ਬੇਲਿਓਂ ਨਿਕਲਦੇ ਸ਼ੇਰ ਬਹੁਤ ਪਿਆਰੀਆਂ ਰਚਨਾਵਾਂ ਹਨ।ਸਿੱਖ ਤਵਾਰੀਖ਼ ਸਾਡੇ ਕੋਲ ਸਮੇਂ ਸਮੇਂ ਸਿਰ ਵੱਖੋ ਵੱਖਰੀ ਵੰਨ ਸੁਵੰਨਤਾ ਨਾਲ ਪਹੁੰਚਦੀ ਹੈ।ਇਸੇ ਸਿਲਸਿਲੇ ਵਿੱਚ ਸੋਹਣ ਸਿੰਘ ਸੀਤਲ ਹਨ ਅਤੇ ਇਸ ਹਫਤੇ ਚੜ੍ਹਾਈ ਕਰ ਗਏ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ ਹੁਣਾਂ ਦੀਆਂ ਕਿਤਾਬਾਂ ਵੀ ਹਨ।
ਮੇਰਾ ਇਹ ਗੱਲ ਕਰਨ ਦਾ ਸਦੰਰਭ ਤਰਸੇਮ ਜੱਸੜ ਹੁਣਾਂ ਦੀ ਫਿਲਮ ਮਸਤਾਨੇ ਹੈ।ਮੈਨੂੰ ਮਸਤਾਨੇ ਬਣਾਉਣ ਦੀ ਭਾਵਨਾ ‘ਤੇ ਕੋਈ ਸ਼ੱਕ ਨਹੀਂ ਪਰ ਇਸ ਫਿਲਮ ਦੀ ਤਰਤੀਬ ਵਿੱਚ ਵੀ ਉਹੀ ਨੁਕਸ ਹੈ ਜੋ ਸਿਨੇਮਾ ਦੇ ਜੜ੍ਹ ਹੋਏ ਪ੍ਰਬੰਧ ਵਿੱਚ ਹੈ।
ਕਹਾਣੀ 18 ਵੀਂ ਸਦੀ ਦੇ ਸਿੰਘਾਂ ਦੀ ਵਿਖਾਉਣੀ ਹੈ ਪਰ ਕਹਾਣੀ ਨੂੰ ਤਰਤੀਬ ਦੇਣ ਵੇਲੇ ਫਿਲਮ ਦਾ ਬਹੁਤਾਤ ਹਿੱਸਾ ਸਿਨੇਮਾ ਦੇ ਚਲਤਾਊ ਵਪਾਰਕ ਤਰਤੀਬ ਉੱਤੇ ਹੀ ਚੱਲ ਗਿਆ ਹੈ।ਸ਼ੁਰੂ ਵਿੱਚ ਜਿਵੇਂ ਫਿਲਮ ਉੱਤਰਦੀ ਹੈ ਉਹ ਆਪਣੀ ਪੇਸ਼ਕਾਰੀ ਤੋਂ ਵੇਖਣ ਵਾਲੇ ਨੂੰ ਉਮੀਦ ਦਿੰਦੀ ਹੈ।ਨਾਦਰ ਸ਼ਾਹ ਜਕਰੀਆ ਖਾਨ ਦੇ ਸਮਿਆਂ ਵਿੱਚ ਸਿੰਘਾਂ ਦੀ ਜੁਝਾਰੂ ਪ੍ਰਿਵਿਰਤੀ ਦਾ ਝਲਕਾਰਾ ਪੇਸ਼ ਕਰਦੀ ਹੈ ਪਰ ਜਿਉਂ ਹੀ ਉਹ ਇਤਿਹਾਸ ਦੇ ਉਸ ਪ੍ਰਸੰਗ ਨੂੰ ਉਸਾਰਨ ਵੱਲ ਉਤਰਦੀ ਹੈ ਜਿੱਥੇ ਮਰਾਸੀਆਂ ਨੇ ਸਿੰਘਾਂ ਦਾ ਰੂਪ ਧਾਰਦਿਆਂ ਹਕੂਮਤ ਨੂੰ ਕੰਬਾ ਦਿੱਤਾ ਸੀ ਫਿਲਮ ਉੱਥੇ ਹੀ ਕਮਜ਼ੋਰ ਤੁਰ ਪੈਂਦੀ ਹੈ।
ਮਰਾਸੀਆਂ ਦੇ ਸਿੰਘਾਂ ਦੇ ਸਵਾਂਗ ਨੂੰ ਰਚਾਉਣ ਦੀ ਮੁੰਕਮਲ ਪਰਦਾਪੇਸ਼ੀ ਅਲਿਫ ਲੈਲਾ ਨੁੰਮਾ ਸ਼ੈਲੀ ਅਤੇ ਬਹੁਚਰਚਿਤ ਡਿਜਨੀ ਪ੍ਰੋਡਕਸ਼ਨ ਦੇ ਕਿਰਦਾਰ ਜੈਕ ਸਪੈਰੋ ਦੀ ਨਕਲ ਵਿੱਚ ਗੱਡਮੱਡ ਹੋ ਜਾਂਦਾ ਹੈ।ਵੀ ਐੱਫ ਐਕਸ ਵਿੱਚ ਲਾਹੌਰ ਲਾਹੌਰ ਨਾ ਲੱਗਕੇ ਕੋਈ ਪਰਸ਼ੀਅਨ ਸ਼ਹਿਰ ਵਧੇਰੇ ਜਾਪਦਾ ਹੈ ਅਤੇ ਕਿਰਦਾਰਾਂ ਵਿੱਚ ਗੜਬੜ ਇਹ ਵੀ ਹੈ ਕਿ ਪੰਜਾਬੀ ਫਿਲਮ ਦੇ ਪੱਕ ਚੁੱਕੇ ਹਾਸਰਸ ਕਿਰਦਾਰ ਕਹਾਣੀ ਦੇ ਕਿਰਦਾਰਾਂ ਨੂੰ ਢਾਲਦੇ ਨਹੀਂ ਹਨ।
ਫਿਲਮ ਦੇ ਇਹ ਹਿੱਸੇ ਹੀ ਕਹਾਣੀ ਨੂੰ ਭਟਕਾਉਂਦੇ ਹਨ ਕਿਉਂ ਕਿ ਇਹ ਨਿਰੋਲ ਸਿਨੇਮਾ ਦੇ ਖਾਕੇ ਦੀ ਤੈਅਸ਼ੁਦਾ ਤਰਤੀਬ ਹੀ ਹੈ।ਕਹਾਣੀ ਵਿੱਚ ਬਸ਼ੀਰ ਜੁਲਫੀ ਫੀਨਾ ਜਹੂਰ ਜਿਹੇ ਕਿਰਦਾਰ ਅਜਿਹੇ ਨਹੀਂ ਲੱਗਦੇ ਕਿ ਇਹ ਪਹਿਲੀ ਵਾਰ ਵੇਖ ਰਹੇ ਹਾਂ।ਇਹਨਾਂ ਕਿਰਦਾਰਾਂ ਦੇ ਸੰਵਾਦ ਪਹਿਰਾਵੇ ਅਤੇ ਮੁੰਕਮਲ ਤਰਤੀਬ ਸਿਨੇਮਾ ਦੇ ਦਹਾਕਿਆਂ ਤੋਂ ਚੱਲੇ ਆ ਰਹੇ ਖਾਕੇ ਤੋਂ ਉੱਕਾ ਨਵੇਕਲੇ ਨਹੀਂ ਹਨ।
ਮੈਂ ਇਹਨੂੰ ਦੋ ਤਿੰਨ ਹਵਾਲਿਆਂ ਤੋਂ ਮਹਿਸੂਸ ਕਰਦਾ ਹਾਂ।2001 ‘ਚ ਆਈ ਗਦਰ ਏਕ ਪ੍ਰੇਮ ਕਥਾ ਅਤੇ ਹੁਣ ਦੀ ਗਦਰ ਵਿੱਚ ਤੁਸੀਂ ਕੀ ਫਰਕ ਮਹਿਸੂਸ ਕਰਦੇ ਹੋ।ਇੰਝ ਹੀ 2017 ਦੀ ਰੱਬ ਦਾ ਰੇਡੀਓ ਅਤੇ ਬਾਅਦ ਵਿੱਚ ਆਈ ਰੱਬ ਦਾ ਰੇਡੀਓ ਵਿੱਚ ਅਤੇ 2016 ‘ਚ ਆਈ ਅਰਦਾਸ ਅਤੇ ਬਾਅਦ ‘ਚ ਆਈ ਅਰਦਾਸ ਕਰਾਂ ਵਿੱਚ ਕੀ ਫਰਕ ਹੈ।ਮਸਲਾ ਹੈ ਕਿ ਕਹਾਣੀ ਦੀ ਤਰਤੀਬ ਦਾ ਮੂਲ ਧਾਗਾ ਕਿਹੜਾ ਹੈ ? ਗਦਰ ਏਕ ਪ੍ਰੇਮ ਕਥਾ ਗੁਆਂਢੀ ਦੇਸ਼ ਪ੍ਰਤੀ ਨਫਰਤ ਭਰੇ ਸੰਵਾਦ ਦੇ ਬਾਵਜੂਦ 1947 ਦੇ ਕਥਾਨਕ ‘ਚ ਖੜ੍ਹੀ ਕੀਤੀ ਪ੍ਰੇਮ ਕਹਾਣੀ ਸੀ।ਇਹਦਾ ਵਹਾਅ ਓਪਰਾ ਨਹੀਂ ਸੀ।2023 ਦੀ ਗਦਰ ਨਿਰੋਲ ਅੰਧ ਰਾਸ਼ਟਰਵਾਦ ਦੀ ਸਨਕ ਤੋਂ ਵੱਧਕੇ ਕੁਝ ਨਹੀਂ ਹੈ।
ਅਰਦਾਸ ਮਾਸਟਰ ਗੁਰਮੁੱਖ ਸਿੰਘ ਅਤੇ ਬਾਕੀ ਕਿਰਦਾਰਾਂ ਦੇ ਜ਼ਿੰਦਗੀ ਦੇ ਕਥਾਨਕ ਵਿੱਚ ਗੁਰਬਾਣੀ ਤੋਂ ਸੇਧ ਲੈਂਦੇ ਸਹਿਜ ਸੁਭਾਅ ਅਤੇ ਭਾਣੇ ਦੇ ਰੂਪ ਵਿੱਚ ਸਾਦ ਮੁਰਾਦੀ ਕਹਾਣੀ ਹੈ ਪਰ ਅਰਦਾਸ ਕਰਾਂ ਅਤਿ ਨਾਟਕੀ ਹੈ।ਇੰਝ ਹੀ ਰੱਬ ਦਾ ਰੇਡੀਓ ਜਨਾਨੀਆਂ ਦੀ ਫਿਲਮ ਹੈ।ਇਸ ਫਿਲਮ ਦੇ ਕਥਾਨਕ ਅਤੇ ਕਿਰਦਾਰ ਵਿੱਚ ਜਨਾਨੀਆਂ ਦਾ ਹੀ ਸੰਸਾਰ ਹੈ।ਉਹੀ ਨਾਇਕ ਹਨ ਉਹੀ ਵਿਲੇਨ ਹਨ।ਇਹ ਈਮਾਨਦਾਰ ਬੀਬੀਆਂ ਦੇ ਮਨ ਦੀਆਂ ਪਰਤਾਂ ਦਾ ਪੇਂਡੂ ਧਰਾਤਲ ਦੀ ਬਾਤ ਪਾਉਂਦੀ ਫਿਲਮ ਹੈ ਪਰ ਰੱਬ ਦਾ ਰੇਡੀਓ 2 ਫਿਲਮ ਕਹਾਣੀ ਦਾ ਉਹ ਸਹਿਜ ਨਹੀਂ ਪੇਸ਼ ਕਰ ਸਕੀ ਜੋ ਪਹਿਲੀ ਰੱਬ ਦਾ ਰੇਡੀਓ ਸੀ।
ਇੰਝ ਹੀ ਹਫਤਾ ਪਹਿਲਾਂ ਫਿਲਮ ਓ ਮਾਈ ਗਾਡ 2 ਆਉਂਦੀ ਹੈ।ਹਿੰਦੂ ਧਰਮ ਅਤੇ ਸਮਾਜ ਦੇ ਟੈਬੂ ਵਿਸ਼ਿਆਂ ਦਾ ਕ੍ਰੋਸ਼ੀਆ ਜਿਸ ਤਰਤੀਬ ਨਾਲ ਇਹ ਫਿਲਮ ਪੇਸ਼ ਕਰਦੀ ਹੈ ਉਵੇਂ ਹਫਤੇ ਬਾਅਦ ਸਿੱਖ ਧਰਮ ਦੀ ਤਵਾਰੀਖ ਨੂੰ ਪੇਸ਼ ਕਰਦੀ ਕਹਾਣੀ ਮਸਤਾਨੇ ਦਾ ਕੈਨਵਸ ਲੈਅ ਵਿੱਚ ਨਹੀਂ ਹੈ।ਸਿਨੇਮਾ ‘ਚ ਦਰਸ਼ਕ ਸੁੰਨ ਹੋ ਬੈਠਾ ਹੈ।ਉਹ ਮਨ ਦੀ ਕਿਸੇ ਹੋਰ ਅਵਸਥਾ ਨਾਲ ਪਹੁੰਚਿਆ ਹੈ ਪਰ ਅੰਦਰ ਕਹਾਣੀ ਦੇ ਸਿਖਰ ‘ਤੇ ਪਹੁੰਚਣ ਤੋਂ ਪਹਿਲਾਂ ਲੰਮਾ ਸੰਵਾਂਗ ਹੈ,ਜਿਸ ਵਿੱਚ ਸਿੱਖ ਇਤਿਹਾਸ ਰੋਕਕੇ ਕਹਾਣੀ ਉਹ ਲੈਅ ਨਹੀਂ ਬਣਾ ਰਹੀ ਕਿ ਖਾਲਸੇ ਦੀ ਲੋਅ ਵਿੱਚ ਮਰਾਸੀਆਂ ਅੰਦਰ ਸਿੱਖੀ ਦਾ ਬੂਟਾ ਕਿਵੇਂ ਫੁੱਲਦਾ ਹੈ ? ਕਹਾਣੀ ਜਹੂਰ ਅਤੇ ਨੂਰ ਦੀ ਠੇਠ ਸਿਨੇਮਾਈ ਪ੍ਰੇਮ ਕਹਾਣੀ ਦਾ ਤੈਅਸ਼ੁਦਾ ਕੈਨਵਸ ਵਿੱਚ ਵੀ ਗਵਾਚੀ ਹੋਈ ਹੈ।
ਇਤਿਹਾਸਕ ਸਿਨੇਮਾ ਬਣਾਉਂਦੇ ਹੋਏ ਤਕਾਜਾ ਹੈ ਕਿ ਕਹਾਣੀ ਦੀ ਬੁਣਤ ‘ਤੇ ਕੰਮ ਹੋਵੇ।ਅਦਾਕਾਰੀ ਅਤੇ ਸੰਵਾਦ ‘ਤੇ ਕੰਮ ਹੋਵੇ।ਸਿਨੇਮਾ ਸਿਰਫ ਵਿਜ਼ੂਅਲ ਇਫੈਕਟ ਤਾਂ ਨਹੀਂ ਹੈ।ਸਿਨੇਮਾ ਸੰਗੀਤ,ਸੰਵਾਦ,ਕਥਾਨਕ,ਕਹਾਣੀ,ਕਹਾਣੀ ਦੇ ਇਤਿਹਾਸ ਅਤੇ ਕਹਾਣੀ ਦੇ ਵਾਤਾਵਰਨ ਦਾ ਸੁਮੇਲ ਹੈ।ਉਹ ਦੌਰ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਣ ਦਾ ਸੀ।ਉਹ ਦੌਰ ਸਿੰਘਾਂ ਦੇ ਜੰਗਲਾਂ ‘ਚ ਰਹਿਣ ਅਤੇ ਛੋਲਿਆਂ ਨੂੰ ਬਦਾਮ ਕਹਿਣ ਜਹੀ ਉਸਰ ਰਹੀ ਚੜ੍ਹਦੀਕਲਾ ਦੀ ਜ਼ੁਬਾਨ ਦਾ ਮੁੰਕਮਲ ਯੁੱਗ ਸੀ।
ਉਹ ਦੌਰ ਪੰਜਾਬ ‘ਚ ਲੰਮੀ ਮੁਗਲੀਆਂ ਸਲਤਨਤ ਤੋਂ ਸਿੱਖ ਰਾਜ ਦੇ ਚੜ੍ਹਣ ਦਾ ਯੁੱਗ ਸੀ।ਇਹ ਇਤਿਹਾਸ ਸਾਡਾ ਸ਼ਾਹਕਾਰ ਹਵਾਲਾ ਸੀ।ਇਹ ਉਹਨਾਂ ਮਰਾਸੀਆਂ ਦੀ ਜੁਗਤਾਂ ਦੀ ਕਹਾਣੀ ਨਹੀਂ ਸੀ।ਇਹ ਕਹਾਣੀ ਸੀ ਮਰਾਸੀਆਂ ਵਿੱਚੋਂ ਸਿੱਖੀ ਕਿੰਝ ਫੁੱਟੀ ਅਤੇ ਜੁਝ ਗਈ।ਕਹਾਣੀ ਦੀ ਇਹ ਸਿਰਜਣਾ ਹੀ ਫਿਲਮ ਦਾ ਸਭ ਤੋਂ ਬੁਨਿਆਦੀ ਮੂਲ ਸੀ ਪਰ ਇਹ ਸਿਰਜਣਾ ਹੀ ਸਭ ਤੋਂ ਕਮਜ਼ੋਰ ਹੈ।
ਫਿਲਮ ਆਖਰੀ ਹਿੱਸੇ ‘ਚ ਵੇਖਣ ਵਾਲੇ ਨੂੰ ਹਲੂਣਦੀ ਹੈ।ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਦੇ ਵਰਤਾਰੇ ਵਿੱਚ ਇਹ ਆਪਣੀ ਛਾਪ ਛੱਡਦੀ ਜ਼ਰੂਰ ਹੈ।ਵੇਖਣ ਵਾਲਾ ਆਪ ਮੁਹਾਰੇ ਖੜ੍ਹਾ ਵੀ ਹੁੰਦਾ ਹੈ।ਪਰ ਸਵਾਲ ਇਹੋ ਹੈ ਕਿ ਅਸੀਂ ਸਿੱਖ ਰਾਜ ਦੇ ਉਹ ਪ੍ਰਸੰਗ ਜਿੱਥੇ ਭੂਰਿਆਂ ਵਾਲੇ ਰਾਜੇ ਕੀਤੇ ਦਾ ਜ਼ਿਕਰ ਹੈ ਦੀ ਪੇਸ਼ਕਾਰੀ ਕਰਨੀ ਚਾਹੁੰਦੇ ਸਾਂ ਜਾਂ ਨਿਰੋਲ ਇਤਿਹਾਸ ਦੇ ਬਹਾਨੇ ਅਜਿਹੀ ਫਿਲਮ ਬਣਾ ਗਏ ਜੋ ਸਿਨੇਮਾ ਦੀ ਰਟੀ ਰਟਾਈ ਲੀਹ ‘ਤੇ ਤੁਰਕੇ ਖਤਮ ਹੋ ਗਈ ?
ਫ਼ਿਲਮ ਇਸ ਸਭ ਦੇ ਬਾਵਜੂਦ ਵੇਖਣੀ ਚਾਹੀਦੀ ਹੈ ਕਿਉਂ ਕਿ ਕੌਸ਼ਿਸ਼ ਈਮਾਨਦਾਰ ਸੀ ਮਸਲਾ ਇਹ ਸੀ ਵਿਸ਼ਾ ਵੱਡੇ ਵਰਤਾਰੇ ਦਾ ਸੀ ਜੋ ਸਿਨੇਮਾ ਦੀ ਜ਼ੁਬਾਨ ਦੇ ਵੱਸ ਦਾ ਨਹੀਂ। ਘੱਟੋ ਘੱਟ ਕੌਸ਼ਿਸ਼ ਤਾਂ ਹੋਈ। ਅਗਲੀ ਕੌਸ਼ਿਸ਼ ਇਸ ਤੋਂ ਬਿਹਤਰ ਹੋਵੇ ਇਸ ਉਮੀਦ ਨਾਲ ਮਸਤਾਨੇ ਵੇਖਣੀ ਜ਼ਰੂਰ ਚਾਹੀਦੀ ਹੈ।