ਚੰਡੀਗੜ੍ਹ, 12 ਮਈ 2025: ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਅਚਾਨਕ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ | ਸੋਮਵਾਰ ਨੂੰ ਕੋਹਲੀ ਨੇ ਇੰਸਟਾਗ੍ਰਾਮ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ । ਵਿਰਾਟ ਕੋਹਲੀ ਨੇ ਆਪਣੇ ਸੰਨਿਆਸ ਬਾਰੇ ਬੀਸੀਸੀਆਈ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ, ਪਰ ਬੀਸੀਸੀਆਈ ਵੱਲੋਂ ਆਉਣ ਵਾਲੀ ਇੰਗਲੈਂਡ ਟੈਸਟ ਲੜੀ ਦੇ ਮੱਦੇਨਜ਼ਰ ਕੋਹਲੀ ਨੂੰ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨ ਲਈ ਕਿਹਾ ਗਿਆ ਸੀ।
ਹਾਲਾਂਕਿ, ਵਿਰਾਟ ਕੋਹਲੀ (Virat Kohli) ਨੇ ਟੈਸਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ। ਇਹ ਭਾਰਤ ਲਈ ਇੱਕ ਵੱਡਾ ਝਟਕਾ ਹੈ ਕਿਉਂਕਿ ਬੁੱਧਵਾਰ (7 ਮਈ) ਨੂੰ ਨਿਯਮਤ ਕਪਤਾਨ ਰੋਹਿਤ ਨੇ ਵੀ ਟੈਸਟ ਤੋਂ ਸੰਨਿਆਸ ਲੈ ਲਿਆ ਸੀ। ਇੱਕ ਹਫ਼ਤੇ ਦੇ ਅੰਦਰ ਦੋ ਮਹਾਨ ਖਿਡਾਰੀਆਂ ਦੇ ਸੰਨਿਆਸ ਲੈਣ ਤੋਂ ਪ੍ਰਸ਼ੰਸਕ ਹੈਰਾਨ ਹਨ। ਇਸ ਦੇ ਨਾਲ ਹੀ ਭਾਰਤੀ ਟੈਸਟ ਕ੍ਰਿਕਟ ਦੇ ਇੱਕ ਅਧਿਆਏ ਦਾ ਅੰਤ ਹੋ ਗਿਆ। ਭਾਰਤ ਅਗਲੇ ਮਹੀਨੇ ਇੰਗਲੈਂਡ ਦਾ ਦੌਰਾ ਕਰਨ ਵਾਲਾ ਹੈ। ਇਸ ਸਮੇਂ ਦੌਰਾਨ ਟੀਮ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡੇਗੀ।
ਵਿਰਾਟ ਕੋਹਲੀ ਨੇ ਆਪਣੀ ਪੋਸਟ ‘ਚ ਕੀ ਲਿਖਿਆ?
ਵਿਰਾਟ ਕੋਹਲੀ (Virat Kohli) ਨੇ ਸੰਨਿਆਸ ਬਾਰੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਸਾਂਝੀ ਕਰਕੇ ਲਿਖਿਆ ਕਿ ਉਨ੍ਹਾਂ ਨੇ 14 ਸਾਲ ਪਹਿਲਾਂ ਟੈਸਟ ਕ੍ਰਿਕਟ ‘ਚ ਪਹਿਲੀ ਵਾਰ ਬੈਗੀ ਬਲੂ ਜਰਸੀ ਪਾਈ ਸੀ। ਇਮਾਨਦਾਰੀ ਨਾਲ ਕਹਾਂ ਤਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਫਾਰਮੈਟ ਮੈਨੂੰ ਅਜਿਹੇ ਸਫ਼ਰ ‘ਤੇ ਲੈ ਜਾਵੇਗਾ। ਇਸਨੇ ਮੈਨੂੰ ਪਰਖਿਆ, ਮੈਨੂੰ ਪਰਿਭਾਸ਼ਿਤ ਕੀਤਾ ਅਤੇ ਮੈਨੂੰ ਅਜਿਹੇ ਸਬਕ ਸਿਖਾਏ ਜੋ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਆਪਣੇ ਨਾਲ ਰੱਖਾਂਗਾ। ਚਿੱਟੀ ਜਰਸੀ ‘ਚ ਖੇਡਣਾ ਮੇਰੇ ਲਈ ਬਹੁਤ ਖਾਸ ਅਤੇ ਨਿੱਜੀ ਅਨੁਭਵ ਹੈ।
ਉਨ੍ਹਾਂ ਲਿਖਿਆ ਕਿ ਸਖ਼ਤ ਮਿਹਨਤ, ਲੰਮੇ ਦਿਨ, ਛੋਟੇ-ਛੋਟੇ ਪਲ ਜੋ ਕੋਈ ਨਹੀਂ ਦੇਖਦਾ, ਪਰ ਉਹ ਹਮੇਸ਼ਾ ਤੁਹਾਡੇ ਨਾਲ ਰਹਿੰਦੇ ਹਨ। ਜਿਵੇਂ-ਜਿਵੇਂ ਮੈਂ ਇਸ ਫਾਰਮੈਟ ਤੋਂ ਦੂਰ ਜਾ ਰਿਹਾ ਹਾਂ, ਇਹ ਆਸਾਨ ਨਹੀਂ ਹੈ, ਪਰ ਇਸ ਸਮੇਂ ਇਹ ਸਹੀ ਲੱਗ ਰਿਹਾ ਹੈ। ਮੈਂ ਇਸਨੂੰ ਆਪਣਾ ਸਭ ਕੁਝ ਦੇ ਦਿੱਤਾ ਹੈ ਅਤੇ ਇਸਨੇ ਮੈਨੂੰ ਮੇਰੀ ਉਮੀਦ ਤੋਂ ਵੱਧ ਦਿੱਤਾ ਹੈ। ਮੈਂ ਖੇਡ ਲਈ, ਮੈਦਾਨ ‘ਤੇ ਮੌਜੂਦ ਲੋਕਾਂ ਲਈ ਅਤੇ ਇਸ ਯਾਤਰਾ ‘ਚ ਮੇਰਾ ਸਾਥ ਦੇਣ ਵਾਲੇ ਹਰ ਵਿਅਕਤੀ ਦਾ ਧੰਨਵਾਦੀ ਹਾਂ। ਮੈਂ ਹਮੇਸ਼ਾ ਆਪਣੇ ਟੈਸਟ ਕਰੀਅਰ ਨੂੰ ਮੁਸਕਰਾਹਟ ਨਾਲ ਦੇਖਾਂਗਾ। ਵਿਰਾਟ ਨੇ ਅੱਗੇ ਆਪਣਾ ਜਰਸੀ ਨੰਬਰ ‘269’ ਲਿਖਿਆ ਅਤੇ ‘ਸਾਈਨਿੰਗ ਆਫ’ ਲਿਖਿਆ।
Read More: Virat Kohli: ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣਗੇ ਵਿਰਾਟ ਕੋਹਲੀ ! ਜਾਣੋ ਉਨ੍ਹਾਂ ਦੇ ਟੈਸਟ ਰਿਕਾਰਡ