Vigilance Bureau

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ‘ਚ ਮੁਨਸ਼ੀ ਕਾਬੂ, ਐਸ.ਐਚ.ਓ. ਤੇ ਏ.ਐਸ.ਆਈ. ਦੀ ਭੂਮਿਕਾ ਜਾਂਚ ਅਧੀਨ

ਚੰਡੀਗੜ੍ਹ, 03 ਅਗਸਤ 2023: ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਥਾਣਾ ਕੂਮ ਕਲਾਂ ਵਿਖੇ ਤਾਇਨਾਤ ਐਮ.ਐਚ.ਸੀ. (ਮੁਨਸ਼ੀ) ਹਰਦੀਪ ਸਿੰਘ (ਏ.ਐਸ.ਆਈ.) ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦੁਆਬਾ ਭੈਣੀ ਦੀ ਰਹਿਣ ਵਾਲੀ ਏਕਤਾ ਤੋਂ 20 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਏਕਤਾ ਨੇ 21-07-2023 ਨੂੰ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਿਤੀ 13.4.2023 ਨੂੰ ਉਸਦੇ ਭਰਾ ਦੀਪਕ ਕੁਮਾਰ ਤੇ ਹੋਰਨਾਂ ਖ਼ਿਲਾਫ਼ ਥਾਣਾ ਕੂਮ ਕਲਾਂ ਵਿਖੇ ਆਈ.ਪੀਸੀ ਦੀ ਧਾਰਾ 323, 341, 506, 148,149 ਤਹਿਤ ਐਫ.ਆਈ.ਆਰ. ਨੰਬਰ 38 ਦਰਜ ਕੀਤੀ ਗਈ ਸੀ। ਉਸ ਦਾ ਭਰਾ ਦੀਪਕ ਵੀ ਜ਼ਖਮੀ ਹੋਇਆ ਸੀ, ਜਿਸ ਕਾਰਨ ਉਸ (ਦੀਪਕ ) ਨੇ ਵੀ ਅਵਤਾਰ ਸਿੰਘ ਅਤੇ ਹੋਰਾਂ ਖ਼ਿਲਾਫ ਆਈ.ਪੀ.ਸੀ. ਦੀਆਂ ਧਾਰਾਵਾਂ 326, 323, 341, 506, 148,149 ਤਹਿਤ ਕਰਾਸ ਐਫ.ਆਈ.ਆਰ. ਦਰਜ ਕਰਵਾਈ ਸੀ।

ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਕਰਾਸ ਐਫ.ਆਈ.ਆਰ. ਅਧੀਨ ਵਿਰੋਧੀ ਧਿਰ ਖ਼ਿਲਾਫ਼ ਕਾਰਵਾਈ ਲਈ ਐਸ.ਐਚ.ਓ. ਪਰਮਜੀਤ ਸਿੰਘ (ਐਸ.ਆਈ.) ਨੇ 1 ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਐਮ.ਐਚ.ਸੀ. ਹਰਦੀਪ ਸਿੰਘ ਨੇ 50,000 ਰੁਪਏ ਵਿੱਚ ਸੌਦਾ ਤੈਅ ਕਰਵਾ ਦਿੱਤਾ ਸੀ। ਸ਼ਿਕਾਇਤਕਰਤਾ ਨੇ ਇਹ ਵੀ ਦਾਅਵਾ ਕੀਤਾ ਕਿ ਏ.ਐਸ.ਆਈ. ਰਣਧੀਰ ਸਿੰਘ ਨੇ ਉਸ ਤੋਂ 35,000 ਰੁਪਏ ਰਿਸ਼ਵਤ ਲਈ ਅਤੇ ਐਮ.ਐਚ.ਸੀ. ਹਰਦੀਪ ਸਿੰਘ ਨੇ 20,000 ਰੁਪਏ ਵੱਖਰੇ ਤੌਰ ’ਤੇ ਲਏ ਹਨ। ਉਸਨੇ ਵਿਜੀਲੈਂਸ ਨੂੰ ਐਮ.ਐਚ.ਸੀ. ਹਰਦੀਪ ਸਿੰਘ ਨਾਲ ਰਿਸ਼ਵਤ ਲੈਣ-ਦੇਣ ਸਬੰਧੀ ਹੋਈ ਗੱਲਬਾਤ ਦੀ ਰਿਕਾਰਡਿੰਗ ਵੀ ਸੌਪੀ ਹੈ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਅਤੇ ਕਾਲ ਰਿਕਾਰਡਿੰਗ ਦੀ ਜਾਂਚ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਥਾਣਾ ਵਿਜੀਲੈਂਸ ਬਿਊਰੋ, ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਧੀਨ ਐਫਆਈਆਰ ਨੰਬਰ 18 ਮਿਤੀ 02.08.2023 ਨੂੰ ਦਰਜ ਕਰਕੇ ਮੁਲਜ਼ਮ ਹਰਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਬੁਲਾਰੇ ਨੇ ਦੱਸਿਆ ਕਿ ਐਸ.ਐਚ.ਓ. ਪਰਮਜੀਤ ਸਿੰਘ ਅਤੇ ਏਐਸਆਈ ਰਣਧੀਰ ਸਿੰਘ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।

Scroll to Top