ਚੰਡੀਗੜ੍ਹ, 02 ਜੂਨ 2023: ਕਸਟਮ ਵਿਭਾਗ ਦੀ ਟੀਮ ਨੇ ਵਾਰਾਣਸੀ (Varanasi) ਦੇ ਲਾਲ ਬਹਾਦੁਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਾਇਲਟ ਤੋਂ ਸੋਨੇ ਦੇ 16 ਬਿਸਕੁਟ ਬਰਾਮਦ ਕੀਤੇ ਹਨ। ਬਰਾਮਦ ਕੀਤੇ ਗਏ ਸੋਨੇ ਦੇ ਬਿਸਕੁਟਾਂ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 1.125 ਕਰੋੜ ਰੁਪਏ ਦੱਸੀ ਗਈ ਹੈ।
ਕਸਟਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਏਅਰ ਇੰਡੀਆ ਦੀ ਫਲਾਈਟ IX-184 ਸ਼ਾਰਜਾਹ ਤੋਂ ਵਾਰਾਣਸੀ ਹਵਾਈ ਅੱਡੇ ‘ਤੇ ਪਹੁੰਚੀ ਸੀ। ਸ਼ਾਰਜਾਹ ਤੋਂ ਆਉਣ ਵਾਲੇ ਯਾਤਰੀਆਂ ਦੀ ਕਸਟਮ ਟੀਮ ਦੁਆਰਾ ਜਾਂਚ ਕੀਤੀ ਗਈ, ਪਰ ਕਿਸੇ ਕੋਲੋਂ ਕੋਈ ਗੈਰ-ਕਾਨੂੰਨੀ ਸਮੱਗਰੀ ਬਰਾਮਦ ਨਹੀਂ ਹੋਈ।
ਇਸ ਤੋਂ ਬਾਅਦ ਜਦੋਂ ਰੂਟੀਨ ਵਿੱਚ ਟਾਇਲਟ ਦੀ ਚੈਕਿੰਗ ਕੀਤੀ ਗਈ ਤਾਂ ਕਾਲੇ ਰੰਗ ਦੇ ਪੋਲੀਥੀਨ ਵਿੱਚ ਰੱਖੇ 1866.100 ਗ੍ਰਾਮ ਵਜ਼ਨ ਦੇ 16 ਸੋਨੇ ਦੇ ਬਿਸਕੁਟ ਮਿਲੇ। ਬਰਾਮਦ ਕੀਤਾ ਗਿਆ ਸੋਨਾ ਵਿਦੇਸ਼ੀ ਹੈ। ਸੋਨਾ ਜ਼ਬਤ ਕਰਨ ਤੋਂ ਬਾਅਦ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਸਬੰਧਤ ਯਾਤਰੀ ਦਾ ਪਤਾ ਲਗਾਇਆ ਜਾ ਰਿਹਾ ਹੈ।