ਪਟਿਆਲਾ, 14 ਫਰਵਰੀ 2023: ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਾਵਾਂ ਦਾ ਲੰਪੀ ਸਕਿਨ (Lumpy Skin) ਤੋਂ ਬਚਾਅ ਕਰਨ ਲਈ ਜ਼ਿਲ੍ਹੇ ‘ਚ 15 ਫਰਵਰੀ ਤੋਂ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਪਸ਼ੂ ਪਾਲਣ ਵਿਭਾਗ ਪਟਿਆਲਾ ਵੱਲੋਂ ਜ਼ਿਲ੍ਹੇ ਦੀਆਂ 1 ਲੱਖ 24 ਹਜ਼ਾਰ ਗਾਵਾਂ ਨੂੰ ਲੰਪੀ ਸਕਿਨ ਬਿਮਾਰੀ ਤੋਂ ਬਚਾਉਣ ਲਈ ਟੀਕਾਕਰਨ ਕੀਤਾ ਜਾਵੇਗਾ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਟੀਕਾਕਰਨ ਮੁਹਿੰਮ ਲਈ ਪਟਿਆਲਾ ਜ਼ਿਲ੍ਹੇ ਦੀਆਂ 6 ਤਹਿਸੀਲਾਂ ਵਿਚ ਸੀਨੀਅਰ ਵੈਟਰਨਰੀ ਅਫ਼ਸਰਾਂ ਅਧੀਨ ਕੁਲ 45 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹਨਾਂ ਟੀਮਾਂ ਵਿੱਚ ਵੈਟਰਨਰੀ ਅਫ਼ਸਰ, ਵੈਟਰਨਰੀ ਇੰਸਪੈਕਟਰ ਅਤੇ ਹੋਰ ਫ਼ੀਲਡ ਸਟਾਫ਼ ਵੱਲੋਂ ਸਮੂਹ ਪਸ਼ੂ ਪਾਲਕਾਂ ਦੇ ਘਰ-ਘਰ ਜਾ ਕੇ ਗਾਵਾਂ ਨੂੰ ਅਤੇ ਚਾਰ ਮਹੀਨੇ ਦੀ ਉਮਰ ਤੋਂ ਜ਼ਿਆਦਾ ਦੀਆਂ ਵੱਛੇ-ਵੱਛੀਆਂ ਨੂੰ ਲੰਪੀ ਸਕਿਨ ਬਿਮਾਰੀ ਦੀ ਮੁਫ਼ਤ ਵੈਕਸੀਨੇਸ਼ਨ ਲਗਾਈ ਜਾਵੇਗੀ।
ਬਿਮਾਰੀ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡਾ. ਗੁਰਚਰਨ ਸਿੰਘ ਨੇ ਦੱਸਿਆ ਕਿ ਲੰਪੀ ਸਕਿਨ ਬਿਮਾਰੀ ਗਾਵਾਂ ਦੀ ਇੱਕ ਬਹੁਤ ਹੀ ਭਿਆਨਕ ਬਿਮਾਰੀ ਹੈ, ਜਿਸ ਨਾਲ ਪਸ਼ੂ ਵਿਚ ਤੇਜ਼ ਬੁਖ਼ਾਰ, ਚਮੜੀ ਉਪਰ ਧੱਫੜ ਅਤੇ ਗਿਲਟੀਆਂ ਬਣ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਵੀ ਜ਼ਿਕਰਯੋਗ ਹੈ ਕਿ ਲੰਪੀ ਸਕਿਨ (Lumpy Skin) ਬਿਮਾਰੀ ਤੋਂ ਪੀੜਤ ਪਸ਼ੂ ਦਾ ਉੱਬਲਿਆ ਹੋਇਆ ਦੁੱਧ ਪੀਣਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਨ੍ਹਾਂ ਦੱਸਿਆ ਕਿ ਟੀਕਾਕਰਨ ਅਤੇ ਲੰਪੀ ਸਕਿਨ ਬਿਮਾਰੀ ਸਬੰਧੀ ਵਧੇਰੇ ਜਾਣਕਾਰੀ ਲਈ ਪਸ਼ੂ ਪਾਲਕ ਆਪਣੇ ਨਜ਼ਦੀਕੀ ਪਸ਼ੂ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ ।