Kuldeep Singh Dhaliwal

ਨਜਾਇਜ਼ ਕਬਜ਼ੇ ਵਾਲੀ ਸਰਕਾਰੀ ਜ਼ਮੀਨ 31 ਮਈ ਤੱਕ ਖਾਲੀ ਕਰ ਦੇਣ, ਨਹੀਂ ਤਾਂ ਹੋਵੇਗੀ ਸਖ਼ਤ ਕਾਰਵਾਈ: ਕੁਲਦੀਪ ਸਿੰਘ ਧਾਲੀਵਾਲ

ਚੰਡੀਗੜ੍ਹ, 19 ਮਈ 2023: ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ 9 ਹਜ਼ਾਰ 30 ਏਕੜ ਜ਼ਮੀਨ ਪਿਛਲੇ ਸਾਲ ਜਾਰੀ ਕਰਕੇ ਸਰਕਾਰ ਨੂੰ ਦਿੱਤੀ ਗਈ ਹੈ । 14 ਮਈ ਤੋਂ ਪੰਚਾਇਤੀ ਅਤੇ ਸ਼ਾਮਲਾਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ਿਆਂ ਤੋਂ ਛੁਟਕਾਰਾ ਦਿਵਾਉਣ ਲਈ ਮੁਹਿੰਮ ਸ਼ੁਰੂ ਕੀਤੀ ਹੈ। 14 ਮਈ ਤੋਂ ਹੁਣ ਤੱਕ ਵੱਖ-ਵੱਖ ਥਾਵਾਂ ਤੋਂ 469 ਏਕੜ ਜ਼ਮੀਨ ਛੁਡਵਾਈ ਜਾ ਚੁੱਕੀ ਹੈ। ਲੋਕਾਂ ਨੇ ਆਪ ਹੀ 189 ਏਕੜ ਜ਼ਮੀਨ ਛੱਡ ਦਿੱਤੀ। ਪਿਛਲੇ ਸਾਲ ਵੀ 3396 ਏਕੜ ਜ਼ਮੀਨ ਲੋਕਾਂ ਨੇ ਖੁਦ ਹੀ ਛੱਡ ਦਿੱਤੀ ਸੀ।

ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਕਿਹਾ ਕਿ ਜਿਸ ਕਿਸੇ ਨੇ ਵੀ ਪੰਚਾਇਤੀ ਜ਼ਮੀਨ ‘ਤੇ ਕਬਜ਼ਾ ਕੀਤਾ ਹੈ ਉਹ 31 ਮਈ ਤੱਕ ਇਸ ਨੂੰ ਛੱਡ ਦੇਣ, ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। 31 ਮਈ ਤੋਂ ਬਾਅਦ ਜ਼ਮੀਨ ਨਾ ਛੱਡਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 10 ਜੂਨ ਤੱਕ 6000 ਏਕੜ ਜ਼ਮੀਨ ਛੁਡਾਉਣੀ ਹੈ, ਅਸੀਂ ਇਸ ਦੇ ਕਬਜ਼ੇ ਲਈ ਵਾਰੰਟ ਜਾਰੀ ਕਰ ਦਿੱਤੇ ਹਨ।

ਉਨ੍ਹਾਂ ਨੇ ਕਿਹਾ ਕਿ ਕਿਸੇ ਦਾ ਘਰ ਨਹੀਂ ਢਾਹਿਆ ਜਾਵੇਗਾ, ਜਿਸ ਵਿਅਕਤੀ ਨੇ ਪੰਚਾਇਤੀ ਜ਼ਮੀਨ ‘ਤੇ ਮਕਾਨ ਬਣਾਇਆ ਹੈ, ਉਸ ਤੋਂ ਜ਼ਮੀਨ ਦਾ ਰੇਟ ਲਗਾ ਕੇ ਕੁਲੈਕਟਰ ਜਾਂ ਮਾਰਕੀਟ ਰੇਟ ਦੇ ਆਧਾਰ ‘ਤੇ ਪੈਸੇ ਲਏ ਜਾਣਗੇ। ਜਿਹੜੇ ਲੋਕ ਆਪਣੇ ਤੌਰ ’ਤੇ ਜ਼ਮੀਨ ਛੱਡ ਦਿੰਦੇ ਹਨ, ਉਨ੍ਹਾਂ ਨੂੰ ਮੁੜ ਠੇਕੇ ’ਤੇ ਜ਼ਮੀਨ ਦਿੱਤੀ ਜਾਵੇਗੀ। ਜੋ ਜ਼ਮੀਨ ਨਹੀਂ ਛੱਡੇਗਾ, ਉਸ ਤੋਂ ਠੇਕੇ ਤੋਂ 20 ਗੁਣਾ ਵੱਧ ਪੈਸੇ ਵਸੂਲ ਕੀਤੇ ਜਾਣਗੇ।

Scroll to Top