ਚੰਡੀਗੜ੍ਹ, 20 ਨਵੰਬਰ 2023: ਉੱਤਰਕਾਸ਼ੀ ਦੀ ਉਸਾਰੀ ਅਧੀਨ ਸਿਲਕਿਆਰਾ ਸੁਰੰਗ (Tunnel) ‘ਚ ਫਸੇ 41 ਮਜ਼ਦੂਰਾਂ ਨੂੰ ਅਜੇ ਤੱਕ ਨਹੀਂ ਬਚਾਇਆ ਜਾ ਸਕਿਆ ਹੈ। ਅੱਜ ਬਚਾਅ ਕਾਰਜ ਨੌਵਾਂ ਦਿਨ ਵੀ ਜਾਰੀ ਹੈ । ਬੈਕਅੱਪ ਯੋਜਨਾ ਦੇ ਤੌਰ ‘ਤੇ ਸੁਰੰਗ ਦੇ ਉੱਪਰ ਡ੍ਰਿਲ ਕਰਨ ਲਈ ਅਸਥਾਈ ਸੜਕ ‘ਤੇ ਕੰਮ ਅੰਤਿਮ ਪੜਾਅ ‘ਤੇ ਹੈ।
ਸੁਰੰਗ ਦੇ ਉੱਪਰ ਡ੍ਰਿਲ ਕਰਨ ਲਈ ਜਗ੍ਹਾ ਚੁਣੀ ਗਈ ਹੈ। ਡਰਿੱਲ 1.2 ਮੀਟਰ ਵਿਆਸ ਦੀ ਹੋਵੇਗੀ। ਜਿਸ ਦਾ ਸੈੱਟਅੱਪ ਅਗਲੇ 24 ਘੰਟਿਆਂ ਵਿੱਚ ਹੋਣ ਦੀ ਸੰਭਾਵਨਾ ਹੈ। ਹੁਣ ਡਰਿੱਲ ਦੋ-ਤਿੰਨ ਦਿਨਾਂ ਵਿੱਚ ਮੁਕੰਮਲ ਹੋ ਸਕਦੀ ਹੈ।
ਇੰਟਰਨੈਸ਼ਨਲ ਟਨਲਿੰਗ ਅਤੇ ਅੰਡਰਗਰਾਊਂਡ ਸਪੇਸ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋਫੈਸਰ ਅਰਨੋਲਡ ਡਿਕਸ, ਸੁਰੰਗ (Tunnel) ਦੇ ਉੱਪਰੋਂ ਡਰਿੱਲ ਦਾ ਮੁਆਇਨਾ ਕਰਨ ਲਈ ਪਹੁੰਚੇ। ਉਨ੍ਹਾਂ ਕਿਹਾ ਕਿ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ। ਸੁਰੰਗ ਦੇ ਅੰਦਰ ਦੀ ਹਾਲਤ ਠੀਕ ਹੈ। ਟੀਮ ਨੇ ਸੁਰੰਗ ਤੋਂ 320 ਮੀਟਰ ਦੀ ਦੂਰੀ ‘ਤੇ ਡਰਿੱਲ ਲਈ ਸਥਾਨ ਚੁਣਿਆ ਹੈ। ਇੱਥੋਂ, 89 ਮੀਟਰ ਦੀ ਡੂੰਘਾਈ ਤੱਕ ਡ੍ਰਿਲੰਗ ਕੀਤੀ ਜਾਵੇਗੀ। ਸਿਲਕਿਆਰਾ ਸੁਰੰਗ ਵਿੱਚ ਮੁੜ ਤੋਂ ਡਰਿਲਿੰਗ ਦਾ ਕੰਮ ਚੱਲ ਰਿਹਾ ਹੈ। ਪੰਜਵੀਂ ਪਾਈਪ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਇਸ ਤਰ੍ਹਾਂ, 30 ਮੀਟਰ ਤੱਕ ਡ੍ਰਿਲ ਕੀਤਾ ਜਾਵੇਗਾ |
ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਨੇ ਐਤਵਾਰ ਦੇਰ ਰਾਤ ਸੜਕ ਦੇ ਨਿਰਮਾਣ ਦਾ ਕੰਮ ਰੋਕ ਦਿੱਤਾ ਹੈ। ਸੂਤਰਾਂ ਮੁਤਾਬਕ ਸੜਕ ਨਿਰਮਾਣ ਦੌਰਾਨ ਸੁਰੰਗ ‘ਚ ਵਾਈਬ੍ਰੇਸ਼ਨ ਆਈ ਹੈ। ਕਰੀਬ 100 ਮੀਟਰ ਸੜਕ ਦਾ ਨਿਰਮਾਣ ਅਜੇ ਬਾਕੀ ਹੈ।
ਸੋਮਵਾਰ ਸਵੇਰੇ ਪੀਐਮਓ ਦੇ ਸਾਬਕਾ ਸਲਾਹਕਾਰ ਭਾਸਕਰ ਖੁਲਬੇ ਅਤੇ ਪੀਐਮਓ ਦੇ ਉਪ ਸਕੱਤਰ ਮੰਗੇਸ਼ ਘਿਲਦਿਆਲ ਨੇ ਬਚਾਅ ਕਾਰਜ ਵਿੱਚ ਸ਼ਾਮਲ ਸਾਰੇ ਸਬੰਧਤ ਵਿਭਾਗਾਂ (ਆਰਵੀਐਨਐਲ, ਨਵਯੁਗ, ਓਐਨਜੀਸੀ, ਰਾਜ ਪੀਡਬਲਯੂਡੀ, ਬੀਆਰਓ ਅਤੇ ਟੀਐਚਡੀਸੀ) ਨੂੰ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਕੀਤੇ ਜਾ ਰਹੇ ਉਪਾਵਾਂ ਬਾਰੇ ਜਾਣਕਾਰੀ ਦੇਣ ਲਈ ਕਿਹਾ। ਸੰਭਵ ਮੁਹਿੰਮ ਦੀ ਰਿਪੋਰਟ ਸ਼ਾਮ ਤੱਕ ਦੇਣ ਲਈ ਕਿਹਾ।