ਚੰਡੀਗੜ, 17 ਮਈ 2024: ਪਵਿੱਤਰ ਚਾਰਧਾਮ (Char dham) ਯਾਤਰਾ ਲਈ ਕੇਦਾਰਨਾਥ, ਬਦਰੀਨਾਥ, ਗੰਗੋਤਰੀ ਅਤੇ ਯਮੁਨੋਤਰੀ ਵਿਖੇ ਸ਼ਰਧਾਲੂਆਂ ਦੀ ਵੱਧ ਰਹੀ ਗਿਣਤੀ ਪ੍ਰਸ਼ਾਸਨ ਲਈ ਲਗਾਤਾਰ ਚੁਣੌਤੀ ਬਣ ਰਹੀ ਹੈ। ਭਾਰੀ ਭੀੜ ਨੂੰ ਦੇਖਦੇ ਹੋਏ ਉੱਤਰਾਖੰਡ ਸਰਕਾਰ ਨੇ 3 ਵੱਡੇ ਆਦੇਸ਼ ਦਿੱਤੇ ਹਨ।
ਉਤਰਾਖੰਡ ਦੀ ਮੁੱਖ ਸਕੱਤਰ ਰਾਧਾ ਰਤੂਰੀ ਨੇ ਕਿਹਾ ਹੈ ਕਿ ਚਾਰਧਾਮ ਮੰਦਰਾਂ ਦੇ 50 ਮੀਟਰ ਦੇ ਦਾਇਰੇ ‘ਚ ਰੀਲਾਂ ਜਾਂ ਵੀਡੀਓ ਬਣਾਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵੀਆਈਪੀ ਦਰਸ਼ਨਾਂ ‘ਤੇ ਪਾਬੰਦੀ ਵੀ 31 ਮਈ ਤੱਕ ਵਧਾ ਦਿੱਤੀ ਗਈ ਹੈ। ਪਹਿਲਾਂ ਇਹ ਪਾਬੰਦੀ 25 ਮਈ ਤੱਕ ਲਗਾਈ ਗਈ ਸੀ।
ਇਸ ਤੋਂ ਇਲਾਵਾ ਸਰਕਾਰ ਨੇ ਤਿੰਨ ਦਿਨਾਂ ਲਈ (Char dham Yatra) ਯਾਤਰਾ ਦੀ ਆਫਲਾਈਨ ਰਜਿਸਟ੍ਰੇਸ਼ਨ ਲਈ ਰਿਸ਼ੀਕੇਸ਼ ਅਤੇ ਹਰਿਦੁਆਰ ਵਿੱਚ ਸਥਾਪਤ ਕਾਊਂਟਰ ਵੀ ਬੰਦ ਕਰ ਦਿੱਤੇ ਹਨ। ਇਸ ਦਾ ਮਤਲਬ ਹੈ ਕਿ ਹੁਣ ਸ਼ਰਧਾਲੂ ਸਿਰਫ਼ ਆਨਲਾਈਨ ਹੀ ਰਜਿਸਟ੍ਰੇਸ਼ਨ ਕਰ ਸਕਣਗੇ।
ਦਰਅਸਲ ਰਿਸ਼ੀਕੇਸ਼ ਅਤੇ ਹਰਿਦੁਆਰ ‘ਚ ਵੀ ਭਾਰੀ ਆਮਦ ਨੂੰ ਲੈ ਕੇ ਲਗਾਤਾਰ ਦੇਖਣ ਨੂੰ ਮਿਲੀ। ਜਿਸ ਕਾਰਨ ਲੋਕ ਬਿਨਾਂ ਰਜਿਸਟਰੇਸ਼ਨ ਦੇ ਸਿੱਧੇ ਦਰਸ਼ਨਾਂ ਪਹੁੰਚ ਰਹੇ ਸਨ। ਇਸ ਕਾਰਨ ਧਾਮਾਂ ਵਿੱਚ ਭੀੜ ਨੂੰ ਕਾਬੂ ਕਰਨ ਵਿੱਚ ਦਿੱਕਤ ਆਈ। ਇਸ ਲਈ ਪ੍ਰਸ਼ਾਸਨ ਨੇ ਆਫਲਾਈਨ ਰਜਿਸਟ੍ਰੇਸ਼ਨ ਬੰਦ ਕਰ ਦਿੱਤੀ ਹੈ।
ਵੀਰਵਾਰ ਨੂੰ ਦਿਨ ਭਰ ਉੱਤਰਕਾਸ਼ੀ ਤੋਂ ਗੰਗੋਤਰੀ ਤੱਕ 99 ਕਿਲੋਮੀਟਰ ਅਤੇ ਬਰਕੋਟ ਤੋਂ ਯਮੁਨੋਤਰੀ ਤੱਕ 46 ਕਿਲੋਮੀਟਰ ਦੇ ਰਸਤੇ ‘ਤੇ ਕਰੀਬ 3 ਹਜ਼ਾਰ ਵਾਹਨ 12 ਤੋਂ 15 ਘੰਟੇ ਤੱਕ ਟ੍ਰੈਫਿਕ ‘ਚ ਫਸੇ ਰਹੇ। ਯਮੁਨੋਤਰੀ ਹਾਈਵੇਅ ‘ਤੇ ਪਾਲੀਗੜ ਨੇੜੇ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ। ਇੱਥੇ 12-12 ਘੰਟੇ ਵਾਹਨਾਂ ਨੂੰ ਰੁਕਣਾ ਪਿਆ ਹੈ। ਸੜਕਾਂ ਤੰਗ ਹਨ ਅਤੇ ਟ੍ਰੈਫਿਕ ਦਾ ਲੋਡ ਜ਼ਿਆਦਾ ਹੈ, ਜਿਸ ਕਾਰਨ ਬੁੱਧਵਾਰ ਨੂੰ ਰਾਤ ਭਰ ਆਵਾਜਾਈ ਜਾਰੀ ਰਹੀ।