Judge

ਉੱਤਰ ਪ੍ਰਦੇਸ਼: ਸਰਕਾਰੀ ਰਿਹਾਇਸ਼ ‘ਚ ਪੱਖੇ ਨਾਲ ਲਟਕਦੀ ਮਿਲੀ ਜੱਜ ਬੀਬੀ ਦੀ ਲਾਸ਼, ਜਾਂਚ ‘ਚ ਜੁਟੀ ਪੁਲਿਸ

ਚੰਡੀਗੜ੍ਹ, 03 ਫਰਵਰੀ 2024: ਉੱਤਰ ਪ੍ਰਦੇਸ਼ ਦੇ ਬਦਾਯੂੰ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ। ਜੱਜ (Judge) ਬੀਬੀ ਜਯੋਤਸਨਾ ਰਾਏ ਦੀ ਲਾਸ਼ ਸ਼ਨੀਵਾਰ ਸਵੇਰੇ ਸਰਕਾਰੀ ਰਿਹਾਇਸ਼ ‘ਚ ਲਟਕਦੀ ਮਿਲੀ। ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ‘ਚ ਹਲਚਲ ਮਚ ਗਈ । ਡੀਐਮ-ਐਸਐਸਪੀ ਸਮੇਤ ਸਾਰੇ ਅਧਿਕਾਰੀ ਮੌਕੇ ’ਤੇ ਪੁੱਜੇ। ਘਟਨਾ ਵਾਲੀ ਥਾਂ ‘ਤੇ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੌਕੇ ਤੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ। ਸੁਸਾਈਡ ਨੋਟ ‘ਚ ਕੀ ਲਿਖਿਆ ਹੈ, ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਸਿਵਲ ਜੱਜ (Judge) ਜੂਨੀਅਰ ਡਿਵੀਜ਼ਨ ਕੋਰਟ ਦੀ ਜੱਜ ਬੀਬੀ ਜਯੋਤਸਨਾ ਰਾਏ ਸ਼ਨੀਵਾਰ ਸਵੇਰੇ ਆਪਣੀ ਅਦਾਲਤ ‘ਚ ਨਹੀਂ ਪਹੁੰਚੀ। ਸਾਥੀ ਜੱਜਾਂ ਨੇ ਉਸ ਦੇ ਨੰਬਰ ‘ਤੇ ਕਾਲ ਕੀਤੀ, ਪਰ ਚੁੱਕਿਆ ਨਹੀਂ। ਮੁਲਾਜ਼ਮਾਂ ਅਨੁਸਾਰ ਜੱਜ ਦੀ ਰਿਹਾਇਸ਼ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਫੋਨ ਕਰਨ ‘ਤੇ ਵੀ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਗਈ।

ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਉਸ ਦੀ ਰਿਹਾਇਸ਼ ਦਾ ਦਰਵਾਜ਼ਾ ਧੱਕੇ ਨਾਲ ਖੋਲ੍ਹ ਦਿੱਤਾ। ਫਿਰ ਪੁਲਿਸ ਘਰ ਵਿਚ ਦਾਖਲ ਹੋਈ। ਉਸ ਦੀ ਲਾਸ਼ ਕਮਰੇ ਦੇ ਅੰਦਰ ਪੱਖੇ ਨਾਲ ਲਟਕ ਰਹੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਮ ਮਨੋਜ ਕੁਮਾਰ ਅਤੇ ਐੱਸਐੱਸਪੀ ਆਲੋਕ ਪ੍ਰਿਯਾਦਰਸ਼ੀ ਸਮੇਤ ਸਾਰੇ ਅਧਿਕਾਰੀ ਉੱਥੇ ਪਹੁੰਚ ਗਏ। ਫੋਰੈਂਸਿਕ ਟੀਮ ਨੂੰ ਮੌਕੇ ‘ਤੇ ਬੁਲਾਇਆ ਗਿਆ। ਐਸਐਸਪੀ ਅਲੋਕ ਪ੍ਰਿਆਦਰਸ਼ੀ ਨੇ ਦੱਸਿਆ ਕਿ ਮੌਕੇ ’ਤੇ ਕੀਤੀ ਜਾਂਚ ਦੌਰਾਨ ਕੁਝ ਰਿਕਾਰਡ ਮਿਲੇ ਹਨ, ਜੋ ਘਟਨਾ ਨਾਲ ਸਬੰਧਤ ਹੋ ਸਕਦੇ ਹਨ। ਸਾਰੇ ਤੱਥਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

Scroll to Top